ਦਿੱਲੀ ਤੋਂ ਬਾਅਦ ‘ਆਪ’ ਨੂੰ ਪੰਜਾਬ ਸਿਖਾਏਗਾ ਸਬਕ
ਸੁਨਾਮ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਤੇ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰ ਸਕੀ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਸਮੇਤ ਪੰਜਾਬ ਤੇ ਦਿੱਲੀ ਦੀ ਜਨਤਾ ਨੂੰ ਵੱਡੇ ਸੁਪਨੇ ਦਿਖਾਏ ਸਨ, ਹਰਿਆਣਾ ਦੇ ਲੋਕਾਂ ਨੂੰ ਕੇਜਰੀਵਾਲ ਪਸੰਦ ਨਹੀਂ ਆਇਆ ਤੇ ਦਿੱਲੀ ਨੇ ਝੂਠੇ ਵਾਅਦਿਆਂ ਕਾਰਨ ਉਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਸੈਣੀ ਨੇ ਆਖਿਆ ਕਿ ਹੁਣ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਉਤਸੁਕ ਹਨ ਤੇ ਪੰਜਾਬੀਆਂ ਨੂੰ ਭਾਜਪਾ ਤੋਂ ਵੱਡੀਆਂ ਉਮੀਦ ਹਨ। ਸੈਣੀ ਵੀਰਵਾਰ ਨੂੰ ਸੁਨਾਮ ਵਿਚ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਦੀ ਅਗਵਾਈ ਹੇਠ ਕੀਤੇ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਦੇਣ ਲਈ ਸੁਨਾਮ ਆਏ ਸਨ।
ਉਨ੍ਹਾਂ ਸੁਨਾਮ ਵਿਚ ਪਾਮ ਪਲਾਜ਼ਾ ਵਿਖੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਵੀ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਕਿਸਾਨਾਂ, ਮਜ਼ਦੂਰਾਂ ਤੋਂ ਲੈ ਕੇ ਵਪਾਰੀ, ਕਾਰੋਬਾਰੀ, ਕਰਮਚਾਰੀ ਵੀ ਭਗਵੰਤ ਮਾਨ ਸਰਕਾਰ ਤੋਂ ਨਾਖੁਸ਼ ਹਨ। ਹਰਿਆਣਾ ਵੱਲੋਂ ਪੰਜਾਬ ਤੋਂ ਬੀਬੀਐਅਬੀ ਦਾ ਬਕਾਇਆ ਮੁਆਫ਼ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਗੱਲਬਾਤ ਚੱਲ ਰਹੀ ਹੈ, ਇਕੱਠੇ ਬੈਠ ਕੇ ਇਸ ਮੁੱਦੇ ਦਾ ਹੱਲ ਕੱਢਿਆ ਜਾਵੇਗਾ। ਪੰਜਾਬ ਵਿਚ ਆਪਣੀਆਂ ਵਧਦੀਆਂ ਗਤੀਵਿਧੀਆਂ ਬਾਰੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਆਉਂਦੇ ਹਨ, ਉਹ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਖਟਕੜ ਕਲਾਂ ਗਏ ਸਨ। ਸੰਗਰੂਰ, ਲੁਧਿਆਣਾ ਤੋਂ ਇਲਾਵਾ ਹੁਣ ਉਨ੍ਹਾਂ ਨੂੰ ਸੁਨਾਮ ਵਿਚ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਦਾ ਦੌਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਹਨ। ਉਨ੍ਹਾਂ ਨੂੰ ਸਹੀ ਸਨਮਾਨ ਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
ਇਸ ਮੌਕੇ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਭਾਜਪਾ ਦੇ ਸੂਬਾ ਸਕੱਤਰ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਦਿਆਲ ਸਿੰਘ ਸੋਢੀ, ਰਾਂਝਾ ਬਖ਼ਸ਼ੀ, ਪ੍ਰੇਮ ਗੁਗਨਾਨੀ, ਸੰਜੇ ਗੋਇਲ, ਰਿਸ਼ੀਪਾਲ ਖੇਰਾ, ਡਾ. ਅਰਵਿੰਦ ਕੇਜਰੀਵਾਲ ਹਾਜ਼ਰ ਸਨ।
