ਧਨਖੜ ਦੇ ਅਸਤੀਫ਼ੇ ਦਾ ਕਾਰਨ ਆਇਆ ਸਾਹਮਣੇ
ਨਵੀਂ ਦਿੱਲੀ- ਸੋਮਵਾਰ ਦੇਰ ਸ਼ਾਮ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਚਾਨਕ ਉਪ-ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਇਸ ਦਾ ਤੱਤਕਾਲੀ ਕਾਰਨ ਰਾਜ ਸਭਾ ਵਿਚ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ ਮਹਾਂਦੋਸ਼ ਚਲਾਉਣ ਦਾ ਨੋਟਿਸ ਨਜ਼ਰ ਆ ਰਿਹਾ ਹੈ। ਧਨਖੜ ਨੇ ਬਤੌਰ ਚੇਅਰਮੈਨ ਉਸ ਮਤੇ ਨੂੰ ਮਨਜ਼ੂਰ ਕੀਤਾ ਸੀ, ਜਿਸ ਵਿਚ ਵਿਰੋਧੀ ਧਿਰ ਦੇ 63 ਮੈਂਬਰਾਂ ਦੇ ਹਸਤਾਖ਼ਰ ਸਨ। ਇਹ ਜਾਣਕਾਰੀ ਸਰਕਾਰ ਦੇ ਫਲੋਰ ਲੀਡਰਸ ਨੂੰ ਨਹੀਂ ਸੀ। ਇੰਨਾ ਹੀ ਨਹੀਂ, ਧਨਖੜ ਨੇ ਕੋਸ਼ਿਸ ਕੀਤੀ ਸੀ ਕਿ ਮਹਾਂਦੋਸ਼ ਦਾ ਮਾਮਲਾ ਪਹਿਲਾਂ ਰਾਜ ਸਭਾ ਵਿਚ ਹੀ ਚੱਲੇ, ਜਿਹੜਾ ਸਪੱਸ਼ਟ ਰੂਪ ਨਾਲ ਵਿਰੋਧੀ ਧਿਰ ਦੇ ਖਾਤੇ ਵਿਚ ਜਾਂਦਾ ਕਿਉਂਕਿ ਉਸ ਦਾ ਮਤਾ ਹੀ ਸਵੀਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਘਟਨਾਵਾਂ ਅਜਿਹੀਆਂ ਘਟੀਆਂ, ਜਿਸ ਤੋਂ ਧਨਖੜ ਦੁਖੀ ਹੋ ਗਏ ਅਤੇ ਉਨ੍ਹਾਂ ਅਸਤੀਫ਼ੇ ਦਾ ਫ਼ੈਸਲਾ ਲੈ ਲਿਆ
ਉਨ੍ਹਾਂ ਸ਼ਾਮ ਛੇ ਵਜੇ ਤੱਕ ਸਰਕਾਰ ਨੂੰ ਆਪਣੇ ਇਸ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਅਤੇ ਰਾਤ 9.25 ’ਤੇ ਇਸ ਨੂੰ ਜਨਤਕ ਵੀ ਕਰ ਦਿੱਤਾ।
ਮੰਗਲਵਾਰ ਨੂੰ ਦਿਨ ਭਰ ਧਨਖੜ ਦੇ ਅਸਤੀਫ਼ੇ ਨੂੰ ਲੈ ਕੇ ਕਿਆਸੇ ਚੱਲਦੇ ਰਹੇ ਪਰ ਇਹ ਗੱਲ ਲਗਪਗ ਤੈਅ ਹੋ ਚੁੱਕੀ ਸੀ ਕਿ ਇਕ ਕਾਰਨ ਜਸਟਿਸ ਵਰਮਾ ਹੀ ਸਨ। ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਸੀ ਕਿ ਭ੍ਰਿਸ਼ਟਾਚਾਰ ਦੇ ਮੁਲਜ਼ਮ ਜਸਟਿਸ ਵਰਮਾ ਖ਼ਿਲਾਫ਼ ਮਹਾਂਦੋਸ਼ ਲਿਆਉਣ ਦੀ ਤਿਆਰੀ ਹੈ। ਸਰਕਾਰ ਦੀ ਯੋਜਨਾ ਸੀ ਕਿ ਇਸ ਨੂੰ ਪਹਿਲਾਂ ਲੋਕ ਸਭਾ ਤੋਂ ਪਾਸ ਕੀਤਾ ਜਾਵੇ ਫਿਰ ਰਾਜ ਸਭਾ ਵਿਚ ਭੇਜਿਆ ਜਾਵੇ। ਲੋਕ ਸਭਾ ਵਿਚ ਮਹਾਂਦੋਸ਼ ਦੇ ਨੋਟਿਸ ਵਿਚ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਅਤੇ ਭਾਜਪਾ ਦੇ ਰਵੀ ਸ਼ੰਕਰ ਪ੍ਰਸਾਦ ਤੇ ਅਨੁਰਾਗ ਠਾਕੁਰ ਦੇ ਨਾਲ-ਨਾਲ ਸੱਤਾ ਧਿਰ ਤੇ ਵਿਰੋਧੀ ਧਿਰ ਦੇ 145 ਸੰਸਦ ਮੈਂਬਰਾਂ ਦੇ ਹਸਤਾਖਰਾਂ ਨਾਲ ਇਹ ਸਪੱਸ਼ਟ ਹੈ ਕਿ ਸਰਕਾਰ ਇਸ ਮੁੱਦੇ ’ਤੇ ਸਰਬਸੰਮਤੀ ਬਣਾਉਣ ਵਿਚ ਕਾਫੀ ਹੱਦ ਤੱਕ ਸਫਲ ਰਹੀ ਹੈ। ਹਾਲਾਂਕਿ, ਰਾਜ ਸਭਾ ਵਿਚ ਲਗਪਗ 3.30 ਵਜੇ ਧਨਖੜ ਨੇ 63 ਸੰਸਦ ਮੈਂਬਰਾਂ ਦੇ ਹਸਤਾਖਰਾਂ ਦੇ ਨਾਲ ਮਹਾਂਦੋਸ਼ ਦਾ ਨੋਟਿਸ ਮਿਲਣ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਸੰਸਦ ਮੈਂਬਰਾਂ ਵਿਚ ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦਾ ਇਕ ਵੀ ਸੰਸਦ ਮੈਂਬਰ ਨਹੀਂ ਸੀ। ਇਹ ਘਾਟ ਭਾਜਪਾ ਦੇ ਫਲੋਰ ਮੈਨੇਜਰ ਦੀ ਰਹੀ ਹੋਵੇਗੀ ਪਰ ਇਹ ਉਮੀਦ ਸੀ ਕਿ ਸਰਕਾਰ ਨੂੰ ਇਸ ਦੀ ਜਾਣਕਾਰੀ ਧਨਖੜ ਦੇ ਦਫ਼ਤਰ ਤੋਂ ਮਿਲੇਗੀ ਕਿਉਂਕਿ ਨੇਤਾ ਸਦਨ ਭਾਜਪਾ ਦੇ ਹਨ।
ਜ਼ਿਕਰਯੋਗ ਹੈ ਕਿ ਉਸੇ ਸਮੇਂ ਧਨਖੜ ਨੇ ਆਪਣੇ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਕਾਰਵਾਈ ਸ਼ੁਰੂ ਕਰਨ ਦਾ ਨਿਰਦੇਸ਼ ਵੀ ਦਿੱਤਾ, ਜਿਸ ਵਿਚ ਦੋਵਾਂ ਸਦਨਾਂ ਦਾ ਸੰਯੁਕਤ ਕਮੇਟੀ ਦਾ ਗਠਨ ਵੀ ਸ਼ਾਮਲ ਸੀ। ਯਾਨੀ ਧਨਖੜ ਇਸ ਮਾਮਲੇ ਨੂੰ ਲੈ ਕੇ ਬਹੁਤ ਸਰਗਰਮ ਸਨ। ਧਨਖੜ ਜਸਟਿਸ ਵਰਮਾ ਦੇ ਮੁੱਦੇ ’ਤੇ ਕਾਫੀ ਖੁੱਲ੍ਹ ਕੇ ਬੋਲਦੇ ਰਹੇ ਹਨ ਅਤੇ ਉਹ ਚਾਹੁੰਦੇ ਸਨ ਕਿ ਇਹ ਮਾਮਲਾ ਰਾਜ ਸਭਾ ਤੋਂ ਹੀ ਸ਼ੁਰੂ ਹੋਵੇ। ਹਾਲਾਂਕਿ, ਇਸ ਵਿਚ ਇਕ ਖ਼ਤਰਾ ਸੀ। ਦਰਅਸਲ, ਵਿਰੋਧੀ ਧਿਰ ਵੱਲੋਂ ਰਾਜ ਸਭਾ ਵਿਚ ਹੀ 50 ਤੋਂ ਵੱਧ ਵਿਰੋਦੀ ਮੈਂਬਰਾਂ ਨੇ ਜਸਟਿਸ ਸ਼ੇਖ਼ਰ ਯਾਦਵ ਦੇ ਖ਼ਿਲਾਫ਼ ਵੀ ਮਹਾਂਦੋਸ਼ ਦਾ ਨੋਟਿਸ ਦਿੱਤਾ ਹੋਇਆ ਹੈ। ਅਜਿਹੇ ਵਿਚ ਉਹ ਮਾਮਲਾ ਵੀ ਚੁੱਕ ਸਕਦਾ ਸੀ।
ਸੂਤਰਾਂ ਮੁਤਾਬਕ, ਧਨਖੜ ਨੂੰ ਸੱਤਾਧਾਰੀ ਧਿਰ ਨੇ ਇਸ ਅਸਹਿਜ ਸਥਿਤੀ ਲਈ ਨਾਰਾਜ਼ਗੀ ਤੋਂ ਜਾਣੂ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਹੀ ਨੇਤਾ ਸਦਨ ਜੇਪੀ ਨੱਡਾ ਨੇ ਧਨਖੜ ਨੂੰ ਸੰਦੇਸ਼ ਭੇਜਿਆ ਕਿ ਉਹ ਤੇ ਕਿਰੇਨ ਰਿਜਿਜੂ ਵਿਭਾਗੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਨਹੀਂ ਆ ਰਹੇ ਹਨ। ਇਸ ਵਿਚਾਲੇ ਇਕ ਘਟਨਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਕਮਰੇ ਵਿਚ ਹੋਈ। ਸੂਤਰਾਂ ਮੁਤਾਬਕ ਉੱਥੇ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਇਕ ਪੇਪਰ ’ਤੇ ਹਸਤਾਖਰ ਕੀਤੇ। ਕਿਹਾ ਜਾ ਰਿਹਾ ਹੈ ਕਿ ਇਹ ਹਸਤਾਖਰ ਭਾਜਪਾ ਵੱਲੋਂ ਵੀ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ ਨੋਟਿਸ ਦਿੱਤੇ ਜਾਣ ਨੂੰ ਲੈ ਕੇ ਕੀਤੇ ਜਾ ਰਹੇ ਸਨ ਪਰ ਹੋ ਸਕਦਾ ਹੈ ਕਿ ਧਨਖੜ ਨੇ ਇਸ ਨੂੰ ਕੁਝ ਹੋਰ ਸਮਝਿਆ। ਖ਼ੈਰ ਜੋ ਵੀ ਹੋਵੇ, ਘਟਨਾਵਾਂ ਕੁਝ ਇਸ ਤਰ੍ਹਾਂ ਹੋਈਆਂ ਕਿ ਅਸਹਿਜਤਾ ਵੱਧ ਗਈ। ਅਜਿਹੇ ਵਿਚ ਧਨਖੜ ਨੇ ਅਸਤੀਫ਼ੇ ਦਾ ਫ਼ੈਸਲਾ ਲੈ ਲਿਆ ਅਤੇ ਸ਼ਾਮ ਛੇ ਵਜੇ ਤੱਕ ਇਸ ਦਾ ਸੰਕੇਤ ਸਰਕਾਰ ਨੂੰ ਵੀ ਦੇ ਦਿੱਤਾ। ਵੈਸੇ ਸੂਤਰਾਂ ਮੁਤਾਬਕ ਸਰਕਾਰ ਨੂੰ ਇਸ ਦੀ ਭਣਕ ਲੱਗ ਗਈ ਸੀ ਅਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੀਟਿੰਗ ਹੋਈ ਸੀ। ਪ੍ਰਧਾਨ ਮੰਤਰੀ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ।
