ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨ
ਵਿੰਡਹੋਕ (ਨਾਮੀਬੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਨਾਮੀਬੀਆ ਦੀ ਰਾਸ਼ਟਰਪਤੀ ਡਾ. ਨੇਤੁੰਬੋ ਨੰਦੀ-ਨਦੈਤਵਾਹ ਵੱਲੋਂ ਨਾਮੀਬੀਆ ਦੇ ਸਰਬਉੱਚ ਨਾਗਰਿਕ ਸਨਮਾਨ ‘ਆਰਡਰ ਆਫ ਦਿ ਮੋਸਟ ਏਂਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ’ ਨਾਲ ਸਨਮਾਨਤ ਕੀਤਾ ਗਿਆ।
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨਾਮੀਬੀਆ ਨਾਲ ਦੁਵੱਲਾ ਸਹਿਯੋਗ ਵਧਾਉਣਾ ਚਾਹੁੰਦਾ ਹੈ, ਜੋ ਅਫਰੀਕਾ ਵਿੱਚ ‘ਅਹਿਮ ਅਤੇ ਭਰੋਸੇਮੰਦ ਭਾਈਵਾਲ’ ਹੈ। ਮੋਦੀ ਆਪਣੀ ਪੰਜ ਮੁਲਕਾਂ ਦੀ ਫੇਰੀ ਦੇ ਆਖਰੀ ਪੜਾਅ ਤਹਿਤ ਨਾਮੀਬੀਆ ਪੁੱਜੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਨਾਮੀਬੀਆ ਦੀ ਇਹ ਪਹਿਲੀ ਅਤੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਤੀਜੀ ਯਾਤਰਾ ਹੈ।
ਨਾਮੀਬੀਆ ਦੀ ਕੌਮਾਂਤਰੀ ਸਬੰਧਾਂ ਅਤੇ ਵਪਾਰ ਮੰਤਰੀ ਸੇਲਮਾ ਅਸ਼ੀਪਾਲਾ-ਮੁਸਾਵੀ ਨੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਸ੍ਰੀ ਮੋਦੀ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਾਮੀਬੀਆ ਦੀ ਰਾਸ਼ਟਰਪਤੀ ਡਾ. ਨੇਤੁੰਬੋ ਨੰਦੀ-ਨਦੈਤਵਾਹ ਨਾਲ ਗੱਲਬਾਤ ਕੀਤੀ ਅਤੇ ਡਿਜੀਟਲ ਟੈਕਨਾਲੋਜੀ, ਰੱਖਿਆ, ਸੁਰੱਖਿਆ, ਖੇਤੀਬਾੜੀ, ਸਿਹਤ ਸੰਭਾਲ ਅਤੇ ਸਿੱਖਿਆ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ-ਚਰਚਾ ਕੀਤੀ।
ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੀ ਵਿਆਪਕ ਸਮੀਖਿਆ ਕੀਤੀ। ਸਟੇਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਮੀਬੀਆ ਦੀ ਰਾਸ਼ਟਰਪਤੀ ਡਾ. ਨੇਤੁੰਬੋ ਨੰਦੀ-ਨਦੈਤਵਾਹ ਦੀ ਮੀਟਿੰਗ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਉਨ੍ਹਾਂ ਦੇ ਨਾਮੀਬੀਅਨ ਹਮਰੁਤਬਾ ਨੇ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ।
