featuredPunjab

‘ਭਾਰਤ ਬੰਦ’: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦੀ ਹੜਤਾਲ ਸ਼ੁਰੂ

ਮਾਨਸਾ-ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੈਟਫਾਰਮ ਵੱਲੋਂ ਨਿੱਜੀਕਰਨ ਅਤੇ ਚਾਰ ਨਵੇਂ ਕਿਰਤ ਕਾਨੂੰਨਾਂ ਖਿਲਾਫ਼ ਬੁੱਧਵਾਰ ਨੂੰ ‘ਭਾਰਤ ਬੰਦ’ ਦੇ ਸੱਦੇ ਤਹਿਤ ਪੰਜਾਬ ਵਿੱਚ ਦਿਨ ਚੜ੍ਹਦੇ ਹੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਬੱਸ ਅੱਡੇ ਤੋਂ ਅੱਜ ਸਵੇਰੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀ ਕੋਈ ਵੀ ਬੱਸ ਕਿਸੇ ਵੀ ਰੂਟ ਉੱਤੇ ਨਹੀਂ ਗਈ। ਹਾਲਾਂਕਿ ਸਰਕਾਰੀ ਬੱਸਾਂ ਦੀ ਹੜਤਾਲ ਦਾ ਲਾਹਾ ਲੈ ਕੇ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਦੀ ਸੇਵਾ ਕਰਦੇ ਵੇਖੇ ਗਏ।

ਪੀਆਰਟੀਸੀ ਦੇ ਇੱਕ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸੇਵਾ ਲਈ ਕਾਰਪੋਰੇਸ਼ਨ ਦੇ ਪੱਕੇ ਮੁਲਾਜ਼ਮ ਬੱਸ ਸੇਵਾ ਬਹਾਲ ਰੱਖਣ ਦਾ ਉਪਰਾਲਾ ਕਰਨਗੇ, ਹਾਲਾਂਕਿ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ। ਉਂਝ ਇਸ ਹੜਤਾਲ ਕਾਰਨ ਬੈਂਕਿੰਗ, ਬੀਮਾ, ਆਵਾਜਾਈ, ਬਿਜਲੀ, ਡਾਕ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਪੰਜਾਬ ਵਿਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੀਆ ਵੱਖ ਵੱਖ ਜਥੇਬੰਦੀਆਂ ਇਸ ਹੜਤਾਲ ਦਾ ਪਹਿਲਾਂ ਹੀ ਸਮਰਥਨ ਕਰਨ ਦਾ ਐਲਾਨ ਕਰ ਚੁੱਕੀਆਂ ਹਨ।