National

ਸੀਬੀਆਈ ਨੇ ਆਰਥਿਕ ਅਪਰਾਧੀ ਮੋਨਿਕਾ ਕਪੂਰ ਨੂੰ ਅਮਰੀਕਾ ਤੋਂ ਹਿਰਾਸਤ ’ਚ ਲਿਆ

ਨਵੀਂ ਦਿੱਲੀ-ਸੀਬੀਆਈ ਨੇ ਕਥਿਤ ਆਰਥਿਕ ਅਪਰਾਧੀ ਮੋਨਿਕਾ ਕਪੂਰ ਨੂੰ ਅਮਰੀਕਾ ਵਿਚ ਹਿਰਾਸਤ ’ਚ ਲੈ ਲਿਆ ਹੈ। ਕਪੂਰ ਨੂੰ ਹੁਣ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਪੂਰ ਕਰੀਬ ਪਿਛਲੇ ਢਾਈ ਦਹਾਕਿਆਂ ਤੋਂ ਫਰਾਰ ਸੀ। ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਨੇ ਕਪੂਰ ਨੂੰ ਅਮਰੀਕਾ ਵਿਚ ਹਿਰਾਸਤ ’ਚ ਲੈ ਲਿਆ ਹੈ ਤੇ ਉਸ ਨੂੰ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਜਹਾਜ਼ ਦੇ ਬੁੱਧਵਾਰ ਰਾਤ ਨੂੰ ਪਹੁੰਚਣ ਦੀ ਉਮੀਦ ਹੈ।

‘ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਫਾਰ ਦ ਈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ’ ਨੇ ਭਾਰਤ ਤੇ ਅਮਰੀਕਾ ਦਰਮਿਆਨ ਦੁਵੱਲੇ ਹਵਾਲਗੀ ਕਰਾਰ ਤਹਿਤ ਕਪੂਰ ਦੀ ਸਪੁਰਦਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਵਿਦੇਸ਼ ਮੰਤਰੀ ਨੇ ਕਪੂਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਕਿ ਭਾਰਤ ਪਰਤਣ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ। ਕਥਿਤ ਧੋਖਾਧੜੀ ਮਗਰੋਂ ਕਪੂਰ 1999 ਵਿਚ ਅਮਰੀਕਾ ਚਲੀ ਗਈ ਸੀ।

ਧੋਖਾਧੜੀ ਦੇ ਇਸ ਮਾਮਲੇ ਵਿਚ ਉਸ ਨੇ ਆਪਣੇ ਦੋ ਭਰਾਵਾਂ ਨਾਲ ਮਿਲ ਕੇ ਗਹਿਣਿਆਂ ਦੇ ਕਾਰੋਬਾਰ ਲਈ ਜਾਅਲੀ ਦਸਤਾਵੇਜ਼ ਬਣਾਏ। ਇਨ੍ਹਾਂ ਦਸਤਾਵੇਜ਼ਾਂ ਨੂੰ ਕਥਿਤ ਭਾਰਤ ਸਰਕਾਰ ਤੋਂ ਕੱਚੇ ਮਾਲ ਦੀ ਟੈਕਸ ਮੁਕਤ ਦਰਾਮਦਗੀ ਵਾਸਤੇ ਲਾਇਸੈਂਸ ਹਾਸਲ ਕਰਨ ਲਈ ਵਰਤਿਆ ਗਿਆ ਸੀ। ਕਥਿਤ ਧੋਖਾਧੜੀ ਨਾਲ ਭਾਰਤੀ ਖਜ਼ਾਨੇ ਨੂੰ 6,79,000 ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਨੇ ਦੋਵਾਂ ਮੁਲਕਾਂ ਦਰਮਿਆਨ ਹਵਾਲਗੀ ਕਰਾਰ ਮੁਤਾਬਕ ਅਕਤੂਬਰ 2010 ਵਿਚ ਕਪੂਰ ਦੀ ਸਪੁਰਦਗੀ ਦੀ ਮੰਗ ਕਰਦੇ ਹੋਏ ਅਮਰੀਕਾ ਨਾਲ ਰਾਬਤਾ ਕੀਤਾ ਸੀ।