Global

ਮੋਦੀ ਦਾ ਘਾਨਾ ਦੇ ਕੌਮੀ ਪੁਰਸਕਾਰ ਨਾਲ ਸਨਮਾਨ

ਅੱਕਰਾ (ਘਾਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ‘ਉੱਤਮ ਸ਼ਾਸਨ ਹੁੁਨਰ ਤੇ ਪ੍ਰਭਾਵਸ਼ਾਲੀ ਆਲਮੀ ਅਗਵਾਈ’ ਲਈ ਘਾਨਾ ਦੇ ਕੌਮੀ ਸਨਮਾਨ ‘ਆਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਸਟਾਰ ਆਫ ਘਾਨਾ’ ਨਾਲ ਨਿਵਾਜਿਆ ਗਿਆ ਹੈ। ਇਸ ਦੌਰਾਨ ਦੋਵੇਂ ਮੁਲਕਾਂ ਨੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਘਾਨਾ ਦੇ ਰਾਸ਼ਟਰਪਤੀ ਜੌਹਨ ਡਰਾਮਾਨੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ‘ਐਕਸ’ ਉੱਤੇ ਲਿਖਿਆ, ‘‘ਦਿ ਆਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਸਟਾਰ ਆਫ਼ ਘਾਨਾ’ ਨਾਲ ਸਨਮਾਨਿਤ ਹੋਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਸ੍ਰੀ ਮੋਦੀ ਨੇ ਸਨਮਾਨ ਸਵੀਕਾਰ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਬਹੁਤ ਮਾਣ ਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ, ‘‘ਮੈਂ 140 ਕਰੋੜ ਭਾਰਤੀਆਂ ਵੱਲੋਂ ਇਹ ਪੁਰਸਕਾਰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ।’’ ਉਨ੍ਹਾਂ ਇਸ ਸਨਮਾਨ ਨੂੰ ਦੋਵਾਂ ਮੁਲਕਾਂ ਦੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਸੁਨਹਿਰੇ ਭਵਿੱਖ, ਘਾਨਾ ਤੇ ਭਾਰਤ ਦਰਮਿਆਨ ਇਤਿਹਾਸਕ ਰਿਸ਼ਤਿਆਂ ਤੇ ਉਨ੍ਹਾਂ ਦੀਆਂ ਅਮੀਰ ਸਭਿਆਚਾਰਕ ਰਵਾਇਤਾਂ ਅਤੇ ਵੰਨ ਸੁਵੰਨਤਾ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ, ‘‘ਇਹ ਸਨਮਾਨ ਇਕ ਜ਼ਿੰਮੇਵਾਰੀ ਵੀ ਦਿੰਦਾ ਹੈ ਅਤੇ ਇਹ ਜ਼ਿੰਮੇਵਾਰੀ ਭਾਰਤ-ਘਾਨਾ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ। ਭਾਰਤ, ਘਾਨਾ ਦੇ ਲੋਕਾਂ ਨਾਲ ਹਮੇਸ਼ਾ ਖੜ੍ਹਾ ਹੈ ਤੇ ਇਕ ਭਰੋਸੇਮੰਦ ਦੋਸਤ ਤੇ ਤਰੱਕੀ ਵਿਚ ਭਾਈਵਾਲ ਵਜੋਂ ਯੋਗਦਾਨ ਪਾਉਣਾ ਜਾਰੀ ਰੱਖੇਗਾ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਕਿਹਾ ਕਿ ਮੋਦੀ ਦੇ ਘਾਨਾ ਦੇ ਇਤਿਹਾਸਕ ਦੌਰੇ ਨਾਲ ਭਾਰਤ-ਘਾਨਾ ਰਿਸ਼ਤਿਆਂ ’ਚ ਹੋਰ ਨਿੱਘ ਆਵੇਗਾ। ਇਸ ਤੋਂ ਪਹਿਲਾਂ ਮੋਦੀ ਨੇ ਮਹਾਮਾ ਨਾਲ ਕਈ ਮੁੱਦਿਆਂ ਨੂੰ ਲੈ ਕੇ ਵਾਰਤਾ ਕੀਤੀ।