National

ਜਬਲਪੁਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਾਂਚ ਉਪਰੰਤ ਝੂਠੀ ਸਾਬਤ ਹੋਈ

ਜਬਲਪੁਰ-ਮੱਧ ਪ੍ਰਦੇਸ਼ ਦੇ ਜਬਲਪੁਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਹਾਲਾਂਕਿ ਜਾਂਚ ਉਪਰੰਤ ਇਹ ਧਮਕੀ ਝੂਠੀ ਪਾਈ ਗਈ। ਜਬਲਪੁਰ ਦੇ ਡੁਮਨਾ ’ਚ ਸਥਿਤ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਵਾਲਾ ਇੱਕ ਈਮੇਲ ਮਿਲਿਆ ਸੀ, ਜਿਸ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਵਧੀਕ ਪੁਲੀਸ ਸੁਪਰਡੈਂਟ ਸੂਰਿਆਕਾਂਤ ਸ਼ਰਮਾ ਨੇ ਕਿਹਾ, ‘‘ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਮੇਲ ਇੱਕੋ ਸਮੇਂ 40 ਤੋਂ 41 ਥਾਵਾਂ ’ਤੇ ਭੇਜਿਆ ਗਿਆ ਸੀ। ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਜਾਪਦਾ ਹੈ।’’ ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਅਤਿਵਾਦ ਵਿਰੋਧੀ ਦਸਤੇ (ਏ.ਟੀ.ਐੱਸ.), ਡੌਗ ਸਕੁਐਡ, ਸਥਾਨਕ ਪੁਲੀਸ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪਰ ਅਜਿਹੀ ਕੋਈ (ਸ਼ੱਕੀ) ਚੀਜ਼ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਉਡਾਣਾਂ ਸਮੇਂ ਸਿਰ ਚਲਾਈਆਂ ਗਈਆਂ। ਹਵਾਈ ਅੱਡੇ ’ਤੇ ਸਾਰੇ ਸੁਰੱਖਿਆ ਉਪਾਅ ਕੀਤੇ ਗਏ ਹਨ ਅਤੇ ਸਥਿਤੀ ਹੁਣ ਆਮ ਹੈ। ਸ਼ਰਮਾ ਨੇ ਕਿਹਾ ਕਿ ਅਣਪਛਾਤੇ ਦੋਸ਼ੀ ਨੂੰ ਲੱਭਣ ਦਾ ਕੰਮ ਸਾਈਬਰ ਸੈੱਲ ਨੂੰ ਸੌਂਪਿਆ ਗਿਆ ਹੈ।