Global

ਗਾਜ਼ਾ ’ਚ ਇਜ਼ਰਾਇਲੀ ਫੌ਼ਜ ਵੱਲੋਂ ਗੋਲੀਬਾਰੀ, 44 ਹਲਾਕ

ਦੀਰ ਅਲ-ਬਲਾਹ-ਗਾਜ਼ਾ ’ਚ ਰਾਹਤ ਸਮੱਗਰੀ ਦੇ ਟਰੱਕਾਂ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ ’ਤੇ ਵੱਖ-ਵੱਖ ਥਾਵਾਂ ’ਤੇ ਇਜ਼ਰਾਇਲੀ ਫੌਜ ਅਤੇ ਡਰੋਨਾਂ ਨੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ’ਚ 44 ਵਿਅਕਤੀ ਮਾਰੇ ਗਏ। ਗਾਜ਼ਾ ’ਚ ਹੁਣ ਤੱਕ 56 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਵਦਾ ਹਸਪਤਾਲ ਨੇ ਦੱਸਿਆ ਕਿ ਗੋਲੀਬਾਰੀ ’ਚ 146 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 62 ਦੀ ਹਾਲਤ ਗੰਭੀਰ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਜਾਨੀ ਨੁਕਸਾਨ ਬਾਰੇ ਰਿਪੋਰਟ ਦੀ ਨਜ਼ਰਸਾਨੀ ਕਰ ਰਹੇ ਹਨ ਕਿਉਂਕਿ ਕੁਝ ਲੋਕਾਂ ਨੇ ਪੂਰਬੀ-ਪੱਛਮੀ ਨੇਤਜ਼ਰੀਮ ਲਾਂਘੇ ’ਤੇ ਜਵਾਨਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਸੀ। ਨੁਸਰਤ ਸ਼ਰਨਾਰਥੀ ਕੈਂਪ ’ਚ ਸਥਿਤ ਆਵਦਾ ਹਸਪਤਾਲ ਨੇ ਕਿਹਾ ਕਿ ਫ਼ਲਸਤੀਨੀ ਲੋਕ ਗਾਜ਼ਾ ਦੇ ਦੱਖਣ ’ਚ ਸਾਲਾਹ ਅਲ-ਦੀਨ ਰੋਡ ’ਤੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਲੋਕ ਟਰੱਕਾਂ ਵੱਲ ਵੱਧ ਰਹੇ ਸਨ ਤਾਂ ਇਜ਼ਰਾਇਲੀ ਫੌਜ ਨੇ ਗੋਲੀਆਂ ਚਲਾ ਦਿੱਤੀਆਂ। ਪ੍ਰਤੱਖਦਰਸ਼ੀ ਅਹਿਮਦ ਹਲਾਵਾ ਨੇ ਕਿਹਾ ਕਿ ਇਹ ਨਸਲਕੁਸ਼ੀ ਹੈ। ਉਸ ਨੇ ਕਿਹਾ ਕਿ ਟੈਂਕਾਂ ਅਤੇ ਡਰੋਨਾਂ ਤੋਂ ਗੋਲੀਆਂ ਚਲਾਈਆਂ।