ਇਰਾਨ ਦੇ ਜਵਾਬੀ ਹਮਲਿਆਂ ਨਾਲ ਦਹਿਲਿਆ ਇਜ਼ਰਾਈਲ, 3 ਮੌਤਾਂ
ਦੁਬਈ-ਇਰਾਨ ਨੇ ਸ਼ਨਿਚਰਵਾਰ ਸਵੇਰੇ ਇਜ਼ਰਾਈਲ ’ਤੇ ਜਵਾਬੀ ਹਮਲੇ ਕਰਦਿਆਂ ਮਿਜ਼ਾਈਲਾਂ ਅਤੇ ਡਰੋਨ ਦਾਗ਼ੇ ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਵਿਅਕਤੀ ਜ਼ਖ਼ਮੀ ਹੋ ਗਏੇ। ਇਹ ਹਮਲਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਉਸ ਦੇ ਫੌਜੀ ਟਿਕਾਣਿਆਂ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਹੋਇਆ ਹੈ। ਇਰਾਨ ਦੇ ਸੰਯੁਕਤ ਰਾਸ਼ਟਰ ’ਚ ਸਫ਼ੀਰ ਨੇ ਕਿਹਾ ਕਿ ਇਜ਼ਰਾਈਲ ਦੇ ਹਮਲਿਆਂ ’ਚ 78 ਵਿਅਕਤੀ ਮਾਰੇ ਗਏ ਹਨ ਅਤੇ 320 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ’ਤੇ ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਬੁਛਾੜ ਕਰ ਦਿੱਤੀ, ਜਿਸ ਦੇ ਧਮਾਕਿਆਂ ਨਾਲ ਯੇਰੂਸ਼ਲਮ ਅਤੇ ਤਲ ਅਵੀਵ ’ਚ ਕਈ ਇਮਾਰਤਾਂ ਹਿੱਲ ਗਈਆਂ। ਹਮਾਸ ਨਾਲ ਕਰੀਬ 20 ਮਹੀਨਿਆਂ ਤੋਂ ਜੂਝ ਰਹੀ ਇਜ਼ਰਾਇਲੀ ਫੌਜ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਇਜ਼ਰਾਈਲ ਅਤੇ ਇਰਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਹਮਲੇ ਜਾਰੀ ਰਹਿਣਗੇ ਜਿਸ ਨਾਲ ਪੱਛਮੀ ਏਸ਼ੀਆ ’ਚ ਲੰਬੇ ਸਮੇਂ ਤੱਕ ਇਕ ਹੋਰ ਟਕਰਾਅ ਜਾਰੀ ਰਹਿਣ ਦਾ ਖ਼ਦਸ਼ਾ ਵੱਧ ਗਿਆ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਮੁਲਕ ਲਈ ਕਿਸੇ ਵੀ ਇਰਾਨੀ ਖ਼ਤਰੇ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਇਰਾਨ ਦੇ ਲੋਕਾਂ ਨੂੰ ਆਪਣੇ ਆਗੂਆਂ ਖ਼ਿਲਾਫ਼ ਬਗ਼ਾਵਤ ਕਰਨ ਦਾ ਵੀ ਸੱਦਾ ਦਿੱਤਾ। ਇਜ਼ਰਾਈਲ ਦੇ ਹਮਲਿਆਂ ਕਾਰਨ ਅਮਰੀਕਾ ਅਤੇ ਇਰਾਨ ਵਿਚਾਲੇ ਪਰਮਾਣੂ ਸਮਝੌਤੇ ’ਤੇ ਅੱਗੇ ਦੀ ਗੱਲਬਾਤ ਵੀ ਸ਼ੱਕ ਦੇ ਘੇਰੇ ’ਚ ਆ ਗਈ ਹੈ। ਦੋਹਾਂ ਮੁਲਕਾਂ ਵਿਚਾਲੇ ਐਤਵਾਰ ਨੂੰ ਓਮਾਨ ’ਚ ਗੱਲਬਾਤ ਹੋਣੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਗ਼ੇਈ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮੁਲਕ ’ਤੇ ਇਜ਼ਰਾਇਲੀ ਹਮਲਿਆਂ ਮਗਰੋਂ ਅਮਰੀਕਾ ਨਾਲ ਪਰਮਾਣੂ ਵਾਰਤਾ ‘ਅਰਥਹੀਣ’ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਆਪਣੀ ਅਪਰਾਧਕ ਕਾਰਵਾਈ ਰਾਹੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਂਝ ਉਸ ਨੇ ਇਹ ਆਖਣ ਤੋਂ ਗੁਰੇਜ਼ ਕੀਤਾ ਕਿ ਵਾਰਤਾ ਰੱਦ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਸਵੇਰੇ ਇਰਾਨ ਦੇ ਲੋਕਾਂ ਨੂੰ ਸਰਕਾਰੀ ਟੀਵੀ ’ਤੇ ਇਜ਼ਰਾਈਲ ਉਪਰ ਕੀਤੇ ਗਏ ਹਮਲਿਆਂ ਦੀਆਂ ਵਾਰ ਵਾਰ ਕਲਿੱਪਾਂ ਦਿਖਾਈਆਂ। ਇਸ ਦੇ ਨਾਲ ਲੋਕਾਂ ਦੇ ਖੁਸ਼ੀ ਮਨਾਉਂਦੇ ਅਤੇ ਮਠਿਆਈਆਂ ਵੰਡਣ ਦੇ ਵੀਡੀਓ ਵੀ ਦਿਖਾਏ ਗਏੇ। ਇਰਾਨੀ ਖ਼ਬਰ ਏਜੰਸੀ ਤਸਨੀਮ ਨੇ ਤਹਿਰਾਨ ਦੇ ਮੇਹਰਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਅੱਗ ਲੱਗਣ ਦਾ ਦਾਅਵਾ ਕੀਤਾ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਤਹਿਰਾਨ ਦੇ ਖੇਤਰ ’ਚ ਹਵਾਈ ਸੁਰੱਖਿਆ ਸਮੇਤ ਦਰਜਨਾਂ ਨਿਸ਼ਾਨਿਆਂ ’ਤੇ ਰਾਤ ਭਰ ਹਮਲੇ ਕੀਤੇ। ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖ਼ਿੱਤੇ ’ਚ ਮੌਜੂਦ ਅਮਰੀਕੀ ਹਵਾਈ ਰੱਖਿਆ ਪ੍ਰਣਾਲੀ ਇਰਾਨ ਵੱਲੋਂ ਇਜ਼ਰਾਈਲ ’ਤੇ ਜਵਾਬੀ ਕਾਰਵਾਈ ’ਚ ਦਾਗ਼ੀਆਂ ਗਈਆਂ ਮਿਜ਼ਾਈਲਾਂ ਨੂੰ ਰੋਕਣ ’ਚ ਮਦਦ ਕਰ ਰਹੀ ਹੈ।