ਟਰੰਪ-ਮਸਕ ਵਿਵਾਦ ਦਾ ਐੱਕਸੀਓਮ 4 ਮਿਸ਼ਨ ’ਤੇ ਨਹੀਂ ਪਵੇਗਾ ਅਸਰ
ਨਵੀਂ ਦਿੱਲੀ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਪੇਸਐੱਕਸ ਦੇ ਮੁਖੀ ਐਲਨ ਮਸਕ ਦੇ ਰਿਸ਼ਤਿਆਂ ’ਚ ਆਈ ਤਰੇੜ ਦੇ ਬਾਵਜੂਦ ਭਾਰਤ ਦੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਦੇ ਐਕਸੀਓਮ 4 ਮਿਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ। ਸੁਭਾਂਸ਼ੂ ਸ਼ੁਕਲਾ ਨੇ 10 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਉਡਾਣ ਭਰਨੀ ਹੈ। ਨਾਸਾ ਦੇ ਪ੍ਰੈੱਸ ਸਕੱਤਰ ਬੇਥਨੀ ਸਟੀਵਨਸ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਰਾਸ਼ਟਰਪਤੀ ਦੇ ਨਜ਼ਰੀਏ ਨੂੰ ਪੂਰਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰਖੇਗੀ ਅਤੇ ਉਹ ਆਪਣੀ ਸਨਅਤ ਦੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਨਾ ਜਾਰੀ ਰਖਣਗੇ। ਜ਼ਿਕਰਯੋਗ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਸਾਬਕਾ ਹਮਾਇਤੀ ਤੇ ਸਲਾਹਕਾਰ ਰਹੇ ਮਸਕ ਜਨਤਕ ਤੌਰ ’ਤੇ ਮਿਹਣੋ-ਮਿਹਣੀ ਹੋ ਗਏ ਹਨ ਜਿਸ ਕਾਰਨ ਮਿਸ਼ਨ ’ਤੇ ਅਸਰ ਪੈਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਟਰੰਪ ਵੱਲੋਂ ਵਿਆਪਕ ਟੈਕਸ-ਕਟੌਤੀ ਅਤੇ ਖ਼ਰਚੇ ਸਬੰਧੀ ਬਿੱਲ ਲਿਆਂਦੇ ਜਾਣ ਦੀ ਮਸਕ ਨੇ ਨਿਖੇਧੀ ਕੀਤੀ ਸੀ ਕਿਉਂਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮਸਕ ਦੇ ਕਾਰੋਬਾਰ ਨੂੰ ਝਟਕਾ ਲੱਗ ਸਕਦਾ ਹੈ। ਬਿੱਲ ਦੀ ਨਿਖੇਧੀ ਮਗਰੋਂ ਟਰੰਪ ਨੇ ਮਸਕ ਦੇ ਸਰਕਾਰੀ ਠੇਕਿਆਂ ’ਚ ਕਟੌਤੀ ਦੀ ਚਿਤਾਵਨੀ ਦਿੱਤੀ। ਮਸਕ ਨੇ ਦਾਅਵਾ ਕੀਤਾ ਕਿ ਜੇ ਉਹ ਨਾ ਹੁੰਦਾ ਤਾਂ ਟਰੰਪ ਰਾਸ਼ਟਰਪਤੀ ਅਹੁਦੇ ਦੀ ਚੋਣ ਹਾਰ ਜਾਂਦੇ। ਉਧਰ ਟਰੰਪ ਨੇ ਕਿਹਾ ਕਿ ਜੇ ਮਸਕ ਨਾ ਹੁੰਦਾ ਤਾਂ ਵੀ ਉਨ੍ਹਾਂ ਰਾਸ਼ਟਰਪਤੀ ਵਜੋਂ ਵੱਡੀ ਜਿੱਤ ਦਰਜ ਕਰਨੀ ਸੀ।