National

‘ਆਪ’ ਨੇ ਦਿੱਲੀ ਦੇ ਸਿੱਖਿਆ ਖੇਤਰ ’ਚ ਸੁਧਾਰ ਕੀਤਾ, ਭਾਜਪਾ ਰਾਜਨੀਤੀ ਕਰ ਰਹੀ ਹੈ: ਸਤੇਂਦਰ ਜੈਨ

ਨਵੀਂ ਦਿੱਲੀ-ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਪਿਛਲੀ ‘ਆਪ’ ਸਰਕਾਰ ਨੇ ਸ਼ਹਿਰ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਲਈ ਕੰਮ ਕੀਤਾ ਜਦੋਂ ਕਿ ਮੌਜੂਦਾ ਭਾਜਪਾ ਸਰਕਾਰ ਸਿਰਫ਼ ਰਾਜਨੀਤੀ ਕਰ ਰਹੀ ਹੈ। ਕਲਾਸਰੂਮ ਨਿਰਮਾਣ ਮਾਮਲੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਵੱਲੋਂ ਪੁੱਛਗਿੱਛ ਤੋਂ ਪਹਿਲਾਂ ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਜੈਨ ਨੇ ਕਿਹਾ ਕਿ ਭਾਜਪਾ ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੈਨ ਨੇ ਕਿਹਾ, ‘‘ਮੈਨੂੰ ਦੱਸੋ, ਘੁਟਾਲਾ ਸ਼ਬਦ ਕਿੱਥੋਂ ਆਇਆ? ਉਹ (ਭਾਜਪਾ) ਕੰਮ ਨਹੀਂ ਕਰਨਾ ਚਾਹੁੰਦੇ ਅਤੇ ਫੀਸਾਂ ਵਧਾਉਣ ਵਿੱਚ ਪ੍ਰਾਈਵੇਟ ਸਕੂਲਾਂ ਦੀ ਮਦਦ ਕਰ ਰਹੇ ਹਨ।’’

ਇੱਥੇ ਦੱਸਣਾ ਬਣਦਾ ਹੈ ਕਿ ਏਸੀਬੀ ਨੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪ ਆਗੂਆਂ ਸਿਸੋਦੀਆ ਅਤੇ ਜੈਨ ਨੂੰ ਤਲਬ ਕੀਤਾ ਹੈ। ਜੈਨ ਨੂੰ ਸ਼ੁੱਕਰਵਾਰ (ਅੱਜ)ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਦੋਂ ਕਿ ਸਿਸੋਦੀਆ ਨੂੰ 9 ਜੂਨ ਨੂੰ ਤਲਬ ਕੀਤਾ ਗਿਆ ਹੈ।