ਮਹਾਤਮਾ ਗਾਂਧੀ ਦਾ ਅਹਿੰਸਾ ਬਾਰੇ ਸਿਧਾਂਤ ਹਾਲੇ ਵੀ ਪ੍ਰਸੰਗਿਕ: ਪ੍ਰਸਾਦ
ਲੰਡਨ-ਭਾਜਪਾ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਲੰਡਨ ’ਚ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਅਤਿਵਾਦ ਨੂੰ ਦਿੱਤੀ ਜਾ ਰਹੀ ਸ਼ਹਿ ਦਰਮਿਆਨ ਮਹਾਤਮਾ ਗਾਂਧੀ ਦਾ ਅਹਿੰਸਾ ਬਾਰੇ ਸਿਧਾਂਤ ਅੱਜ ਵੀ ਪ੍ਰਸੰਗਿਕ ਹੈ। ਯੂਰਪ ’ਚ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰ ਰਹੇ ਪ੍ਰਸਾਦ ਨੇ ਭਾਰਤੀ ਹਾਈ ਕਮਿਸ਼ਨ ’ਚ ਬੀਆਰ ਅੰਬੇਡਕਰ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਅਤੇ ਇਕੱਠ ਨੂੰ ਸੰਬੋਧਨ ਕਰਕੇ ਆਪਣੇ ਬਰਤਾਨੀਆ ਦੌਰੇ ਦਾ ਆਗਾਜ਼ ਕੀਤਾ। ਟੈਵਿਸਟੌਕ ਸਕੁਏਅਰ ’ਚ ਗਾਂਧੀ ਮੈਮੋਰੀਅਲ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸਾਦ ਨੇ ਕਿਹਾ, ‘‘ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਅਸੀਂ ਲੰਡਨ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਨਤਮਸਤਕ ਹੋ ਰਹੇ ਹਾਂ।’’ ਸਾਬਕਾ ਮੰਤਰੀ ਅਤੇ ਲੇਖਕ ਐੱਮਜੇ ਅਕਬਰ ਨੇ ਪਾਕਿਸਤਾਨ ਵੱਲੋਂ ਅਕਤੂਬਰ 1947 ’ਚ ਅਤਿਵਾਦ ਨੂੰ ਮੁਲਕ ਦੀ ਨੀਤੀ ਬਣਾਏ ਜਾਣ ਦੀ ਜਾਣਕਾਰੀ ਦਿੱਤੀ ਜਦੋਂ ਉਸ ਨੇ ਕਸ਼ਮੀਰ ’ਚ 5 ਹਜ਼ਾਰ ਅਤਿਵਾਦੀ ਭੇਜੇ ਸਨ। ਅਕਬਰ ਨੇ ਕਿਹਾ ਕਿ ਗਾਂਧੀ ਜੀ ਭਾਵੇਂ ਅਹਿੰਸਾ ਦੇ ਪੁਜਾਰੀ ਸਨ ਪਰ ਧਾੜਵੀਆਂ ਅਤੇ ਅਤਿਵਾਦੀਆਂ ਖ਼ਿਲਾਫ਼ ਉਨ੍ਹਾਂ ਦਾ ਸੁਨੇਹਾ ਚਰਚਿਲ ਵਰਗਾ ਸੀ। ਉਨ੍ਹਾਂ ਇਕ ਮੀਟਿੰਗ ’ਚ ਕਿਹਾ ਸੀ ਕਿ ਅਤਿਵਾਦ ਨੂੰ ਹਰਾਉਣਾ ਭਾਰਤੀ ਜਵਾਨਾਂ ਦਾ ਫ਼ਰਜ਼ ਹੈ। ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਬਾਬਾਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਰਤ 1947 ’ਚ ਵੰਡਿਆ ਗਿਆ ਸੀ ਅਤੇ ਪਾਕਿਸਤਾਨ ਦਾ ਜਨਮ ਹੋਇਆ ਸੀ।
ਮੋਨਰੋਵੀਆ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸਰਬ-ਪਾਰਟੀ ਵਫ਼ਦ ਨੇ ਲਾਇਬੇਰੀਆ ’ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਹਰ ਤਰ੍ਹਾਂ ਦੇ ਅਤਿਵਾਦ ਦਾ ਡਟ ਕੇ ਮੁਕਾਬਲਾ ਕਰਨ ਦਾ ਅਹਿਦ ਦੁਹਰਾਇਆ। ਵਫ਼ਦ ਪੱਛਮੀ ਅਫ਼ਰੀਕੀ ਮੁਲਕ ਦੇ ਤਿੰਨ ਰੋਜ਼ਾ ਦੌਰੇ ਲਈ 31 ਮਈ ਨੂੰ ਇਥੇ ਪੁੱਜਿਆ ਹੈ। ਵਫ਼ਦ ਦੇ ਮੈਂਬਰਾਂ ਨੇ ਲਾਇਬੇਰੀਆ ਨਾਲ ਭਾਰਤ ਦੀ ਦੋਸਤੀ ਮਜ਼ਬੂਤ ਕਰਨ ’ਚ ਪਰਵਾਸੀ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਵਫ਼ਦ ਨੇ ਕੌਮੀ ਅਜਾਇਬਘਰ ਦਾ ਦੌਰਾ ਕਰਕੇ ਸਾਬਕਾ ਰਾਸ਼ਟਰਪਤੀ ਵਿਲੀਅਮ ਵੀਐੱਸ ਟਬਮੈਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਨੂੰ ‘ਆਧੁਨਿਕ ਲਾਇਬੇਰੀਆ ਦੇ ਪਿਤਾਮਾ’ ਵਜੋਂ ਯਾਦ ਕੀਤਾ ਜਾਂਦਾ ਹੈ।