National

ਉਮੀਦ ਹੈ ਭਾਰਤ-ਪਾਕਿ ਵਿਚਾਲੇ ਸਹਿਮਤੀ ਸਥਾਈ ਹੋਵੇਗੀ: ਮੁਫ਼ਤੀ

ਸ੍ਰੀਨਗਰ-ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਇੱਕ-ਦੂਜੇ ਖ਼ਿਲਾਫ਼ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਲਈ ਬਣੀ ਸਹਿਮਤੀ ਦਾ ਸਥਾਈ ਅਸਰ ਹੋਵੇਗਾ। ਬਾਰਾਮੂਲਾ ਦੇ ਸਰਹੱਦੀ ਪਿੰਡਾਂ ਤੋਂ ਬੇਘਰ ਹੋਏ ਲੋਕਾਂ ਨੂੰ ਮਿਲਣ ਪੁੱਜੀ ਮੁਫ਼ਤੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਅੱਲ੍ਹਾ ਤੋਂ ਦੁਆ ਕਰਦੀ ਹਾਂ ਕਿ ਇਹ ‘ਜੰਗਬੰਦੀ’ ਸਥਾਈ ਹੋਵੇ ਕਿਉਂਕਿ ਸੰਘਰਸ਼ ਦੀ ਸਥਿਤੀ ’ਚ ਬੇਕਸੂਰ ਲੋਕਾਂ ਨੂੰ ਆਪਣੀ ਜਾਨ ਤੇ ਘਰ ਗੁਆਉਣੇ ਪੈਂਦੇ ਹਨ।’ ਬੀਤੇ ਦਿਨ ਗੋਲੀਬੰਦੀ ਦੀ ਸਹਿਮਤੀ ਤੋਂ ਕੁਝ ਘੰਟਿਆਂ ਅੰਦਰ ਕਥਿਤ ਉਲੰਘਣਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਦੋ ਦੇਸ਼ਾਂ ਦੀਆਂ ਸੈਨਾਵਾਂ ਆਹਮੋ-ਸਾਹਮਣੇ ਹੋਣ ਤਾਂ ਸਥਿਤੀ ਸ਼ਾਂਤ ਕਰਨ ’ਚ ਸਮਾਂ ਲਗਦਾ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਤਣਾਅ ਘੱਟ ਹੋਣ ’ਚ ਸਮਾਂ ਲਗਦਾ ਹੈ। ਸਾਨੂੰ ਹਰ ਚੀਜ਼ ਨੂੰ ਲੈ ਕੇ ਲੋੜੋਂ ਵੱਧ ਉਤਸ਼ਾਹਿਤ ਨਹੀਂ ਹੋਣਾ ਚਾਹੀਦਾ।’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਘਰ ਹੋਏ ਲੋਕਾਂ ਲਈ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਮਕਾਨ ਮੁੜ ਤੋਂ ਬਣਾ ਸਕਣ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਥਿਤੀ ਖਰਾਬ ਹੈ ਅਤੇ ਪੁਣਛ, ਰਾਜੌਰੀ ਤੇ ਜੰਮੂ ਜ਼ਿਲ੍ਹਿਆਂ ’ਚ ਵੀ ਸਥਿਤੀ ਬਿਹਤਰ ਨਹੀਂ ਹੈ।