ਰੂਸ ਲਈ ਲੜਦੇ ਲਗਪਗ 600 ਉੱਤਰ ਕੋਰਿਆਈ ਸੈਨਿਕ ਮਰੇ
ਸਿਓਲ-ਦੱਖਣੀ ਕੋਰੀਆ ਦੀ ਖ਼ੁਫੀਆ ਏਜੰਸੀ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਨੁਮਾਨ ਹੈ ਕਿ ਰੂਸ ਨਾਲ ਮਿਲ ਕੇ ਯੂਕਰੇਨੀ ਫੌਜ ਖ਼ਿਲਾਫ਼ ਲੜਦੇ ਹੋਏ ਉੱਤਰੀ ਕੋਰੀਆ ਦੇ 4700 ਸੈਨਿਕ ਜੰਗ ਵਿੱਚ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ 600 ਦੇ ਕਰੀਬ ਸੈਨਿਕਾਂ ਦੀ ਮੌਤ ਹੋ ਗਈ ਸੀ।
ਦੱਖਣੀ ਕੋਰੀਆ ਦੀ ਖ਼ੁਫੀਆ ਏਜੰਸੀ ਦੇ ਇਸ ਮੁਲਾਂਕਣ ਤੋਂ ਦੋ ਦਿਨ ਪਹਿਲਾਂ ਉੱਤਰ ਕੋਰੀਆ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਸੀ ਕਿ ਉਸ ਨੇ ਰੂਸ ਨੂੰ ਕੁਰਸਕ ਖੇਤਰ ਦੇ ਕੁਝ ਹਿੱਸਿਆਂ ’ਤੇ ਮੁੜ ਤੋਂ ਕਬਜ਼ਾ ਕਰਨ ਵਿੱਚ ਮਦਦ ਕਰਨ ਲਈ ਆਪਣੀ ਲੜਾਕੇ ਸੈਨਿਕਾਂ ਨੂੰ ਭੇਜਿਆ ਸੀ। ਇਸ ਖੇਤਰ ’ਤੇ ਪਿਛਲੇ ਸਾਲ ਅਚਾਨਕ ਯੂਕਰੇਨ ਦੀ ਘੁਸਪੈਠ ਹੋਣ ਕਾਰਨ ਰੂਸ ਦਾ ਕੰਟਰੋਲ ਖ਼ਤਮ ਹੋ ਗਿਆ ਸੀ। ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ’ਚੋਂ ਇਕ ਲੀ ਸਿਓਂਗ ਕਵੇਉਨ ਮੁਤਾਬਕ, ਦੱਖਣੀ ਕੋਰੀਆ ਦੀ ਕੌਮੀ ਖੁ਼ੁਫੀਆ ਸੇਵਾ ਨੇ ਬੰਦ ਕਮਰੇ ਵਿੱਚ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੋਰਚੇ ’ਤੇ ਉੱਤਰ ਕੋਰੀਆ ਦੇ ਕੁੱਲ 4700 ਸੈਨਿਕ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਏ, ਜਿਨ੍ਹਾਂ ’ਚੋਂ 600 ਸੈਨਿਕਾਂ ਦੀ ਮੌਤ ਹੋ ਗਈ।