ਪਾਕਿਸਤਾਨੀ ਖਿਡਾਰੀ ਨੂੰ ਸੱਦਾ ਦੇਣ ’ਤੇ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਨੀਰਜ ਚੋਪੜਾ ਨੇ ਦਿੱਤਾ ਜਵਾਬ
ਨਵੀਂ ਦਿੱਲੀ-ਦੋ ਵਾਰ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਐੱਨਸੀ ਕਲਾਸਿਕ ਵਿਚ ਭਾਗ ਲੈਣ ਦਾ ਸੱਦਾ ਦੇਣ ਲਈ ਉਸ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਇਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਨੂੰ ਸੱਦਾ ਸੀ ਜੋ ਪਹਿਲਗਾਮ ਅਤਿਵਾਦੀ ਹਮਲੇ ਤੋਂ ਪਹਿਲਾਂ ਭੇਜਿਆ ਗਿਆ ਸੀ।
ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਅਤੇ ਹਰਿਆਣਾ ਦੇ ਪੈਰਿਸ ਖੇਡਾਂ ਦੇ ਚਾਂਦੀ ਤਗ਼ਮਾ ਜੇਤੂ ਸਟਾਰ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਪੋਸਟਾਂ ਵਿਚ ਉਸਦੀ ਅਤੇ ਉਸਦੇ ਪਰਿਵਾਰ ਦੀ ਇਮਾਨਦਾਰੀ ’ਤੇ ਸਵਾਲ ਉਠਾਉਂਦੇ ਦੇਖ ਕੇ ਬਹੁਤ ਦੁਖੀ ਹੈ। ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਨਦੀਮ ਨੂੰ 24 ਮਈ ਨੂੰ ਬੰਗਲੁਰੂ ਵਿਚ ਹੋਣ ਵਾਲੇ ਪਹਿਲੇ ਨੀਰਜ ਚੋਪੜਾ ਕਲਾਸਿਕ ਲਈ ਸੱਦਾ ਦਿੱਤਾ ਸੀ। ਹਾਲਾਂਕਿ ਨਦੀਮ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸੱਦਾ ਠੁਕਰਾ ਦਿੱਤਾ ਸੀ।
ਚੋਪੜਾ ਨੇ ਸੋਸ਼ਲ ਮੀਡੀਆ ’ਤੇ ਇੱਕ ਲੰਬੀ ਪੋਸਟ ਵਿੱਚ ਲਿਖਿਆ, “ਨੀਰਜ ਚੋਪੜਾ ਕਲਾਸਿਕ ਵਿਚ ਹਿੱਸਾ ਲੈਣ ਲਈ ਅਰਸ਼ਦ ਨਦੀਮ ਨੂੰ ਮੇਰੇ ਸੱਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਅਤੇ ਇਸ ਵਿੱਚੋਂ ਜ਼ਿਆਦਾਤਰ ਨਫ਼ਰਤ ਭਰਿਆ ਅਤੇ ਇਤਰਾਜ਼ਯੋਗ ਹੈ। ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ।” ਉਸ ਨੇ ਲਿਖਿਆ, “ਮੈਂ ਆਮ ਤੌਰ ’ਤੇ ਜ਼ਿਆਦਾ ਨਹੀਂ ਬੋਲਦਾ ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਗਲਤ ਦੇ ਖ਼ਿਲਾਫ਼ ਨਹੀਂ ਬੋਲਾਂਗਾ। ਉਹ ਵੀ ਉਦੋਂ ਜਦੋਂ ਸਾਡੇ ਦੇਸ਼ ਲਈ ਮੇਰੇ ਪਿਆਰ ’ਤੇ ਸਵਾਲ ਉਠਾਏ ਜਾ ਰਹੇ ਹੋਣ ਅਤੇ ਮੇਰੇ ਪਰਿਵਾਰ ਦੀ ਇੱਜ਼ਤ ਦਾਅ ‘ਤੇ ਲੱਗੀ ਹੋਵੇ।”