ਪੰਜਾਬ ਦੀਆਂ ਨਸਲਾਂ ਤੇ ਫ਼ਸਲਾਂ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ: ਮੁੱਖ ਮੰਤਰੀ
ਲੁਧਿਆਣਾ-ਪੰਜਾਬ ਦੇ ਕਿਸਾਨਾਂ ਨਾਲ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਬਾਰੇ ਸਲਾਹ-ਮਸ਼ਵਰਾ ਕਰਨ ਅਤੇ ਉਨ੍ਹਾਂ ਦੀ ਰਾਇ ਜਾਣਨ ਲਈ ਇੱਥੇ ਪੀਏਯੂ ਵਿੱਚ ਸਰਕਾਰ-ਕਿਸਾਨ ਮਿਲਣੀ ਕਰਵਾਈ ਗਈ, ਜਿਸ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਨਸਲਾਂ ਅਤੇ ਫ਼ਸਲਾਂ ਨੂੰ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ ਹੈ। ਸਮਾਗਮ ਦੀ ਪ੍ਰਧਾਨਗੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਖੇਤੀਬਾੜੀ ਬਾਰੇ ਪੰਜਾਬ ਦੇ ਪ੍ਰਸ਼ਾਸਕੀ ਸਕੱਤਰ ਬਸੰਤ ਗਰਗ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਗਡਵਾਸੂ ਦੇ ਉਪ ਕੁਲਪਤੀ ਡਾ. ਜਤਿੰਦਰਪਾਲ ਸਿੰਘ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਅਤੇ ਪੀਏਯੂ ਅਧਿਕਾਰੀਆਂ ’ਚ ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਅਜਮੇਰ ਸਿੰਘ ਢੱਟ ਮੰਚ ’ਤੇ ਮੌਜੂਦ ਸਨ।
ਇਸ ਮਿਲਣੀ ਵਿੱਚ ਸੂਬੇ ’ਚੋਂ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ, ਜਿਨ੍ਹਾਂ ਫ਼ਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ। ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ, ਸ਼ਿਕਾਇਤਾਂ ਅਤੇ ਸੁਝਾਅ ਧਿਆਨ ਨਾਲ ਸੁਣੇ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਹੇਠ ਰਕਬਾ ਵਧਣ ਕਾਰਨ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ’ਤੇ ਮਾੜਾ ਪ੍ਰਭਾਵ ਪਿਆ ਹੈ। ਪ੍ਰਤੀ ਕਿਲੋ ਚੌਲ ਪੈਦਾ ਕਰਨ ਵਾਸਤੇ ਲਗਪਗ 4 ਹਜ਼ਾਰ ਲਿਟਰ ਪਾਣੀ ਦੀ ਲੋੜ ਹੈ, ਜਿਸ ਬਾਰੇ ਵਿਗਿਆਨੀਆਂ ਦਾ ਆਖਣਾ ਹੈ ਕਿ ਇਹ ਬੜਾ ਮਹਿੰਗਾ ਸੌਦਾ ਹੈ। ਜ਼ਮੀਨ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਰਾਜ ਦੇ 153 ਵਿੱਚੋਂ 117 ਬਲਾਕ ਬੇਹੱਦ ਖ਼ਤਰਨਾਕ ਸਥਿਤੀ ਵਿੱਚ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੀਏਯੂ ਨੇ ਇਸ ਸਮੱਸਿਆ ਦੇ ਹੱਲ ਲਈ ਛੇਤੀ ਪੱਕਣ ਵਾਲੀਆਂ ਕਿਸਮਾਂ ਲਿਆਂਦੀਆਂ ਹਨ। ਇਹ ਕਿਸਮਾਂ ਨਾ ਸਿਰਫ਼ ਪਾਣੀ ਦੀ ਘੱਟ ਖਪਤ ਕਰਦੀਆਂ ਹਨ ਬਲਕਿ ਜਲਦੀ ਪੱਕਣ ਕਾਰਨ ਇਨ੍ਹਾਂ ਦੀ ਪਰਾਲੀ ਦੀ ਸੰਭਾਲ ਸੌਖੀ ਹੋ ਜਾਂਦੀ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ। ਇਸ ਮਿਲਣੀ ਦੇ ਦੋ ਉਦੇਸ਼ ਹਨ, ਪਹਿਲਾ, ਰਵਾਇਤੀ ਫ਼ਸਲ ਚੱਕਰ ’ਚੋਂ ਬਾਹਰ ਕੱਢਣ ਲਈ ਕਿਸਾਨਾਂ ਦੀ ਰਾਇ ਅਤੇ ਸੁਝਾਅ ਜਾਣਨਾ ਅਤੇ ਦੂਜਾ ਸੁਝਾਅ ਦੇ ਆਧਾਰ ’ਤੇ ਪੰਜਾਬ ਦੀ ਕਿਸਾਨੀ ਦੀ ਭਲਾਈ ਲਈ ਯੋਜਨਾਬੰਦੀ ਕਰਨਾ।