Punjab

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ: ਚੰਨੀ

ਚਮਕੌਰ ਸਾਹਿਬ-ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ। ਪੰਜਾਬ ਨੂੰ ਮੁੜ ਉਸੇ ਸਥਿਤੀ ਵੱਲ ਧੱਕਿਆ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਹਜ਼ਾਰਾਂ ਦੀ ਤਾਦਾਦ ’ਚ ਜਾਨਾਂ ਕੁਰਬਾਨ ਕਰਕੇ ਤਾਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਤੰਤਰ ਤੇ ਕੇਂਦਰੀ ਏਜੰਸੀਆਂ ਵੱਲੋਂ ਕਥਿਤ ਤੌਰ ’ਤੇ ਸੂਬੇ ਦਾ ਮਾਹੌਲ ਮੁੜ ਵਿਗਾੜਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਪਰ ਮੁੱਖ ਮੰਤਰੀ ਇਸ ਸਬੰਧੀ ਚੁੱਪੀ ਧਾਰੀ ਬੈਠੇ ਹਨ। ਸ੍ਰੀ ਚੰਨੀ ਨੇ ਇਹ ਦਾਅਵਾ ਚਮਕੌਰ ਸਾਹਿਬ ਵਿੱਚ ਨਗਰ ਪੰਚਾਇਤ ਕੌਂਸਲਰ ਕਿਰਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਲਗਪਗ ਦੋ ਦਰਜਨ ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ’ਚ ਸ਼ਾਮਲ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ’ਚ ਭਾਜਪਾ ਆਗੂ ਦੇ ਘਰ ’ਤੇ ਹੋ ਥਾਈਂ ਹੋਏ ਗ੍ਰਨੇਡ ਹਮਲੇ ਪੰਜਾਬ ’ਚ ਅਮਨ-ਕਾਨੂੰਨ ਦੀ ਵਿਗੜੀ ਹਾਲਤ ਦੀ ਗਵਾਹੀ ਭਰਦੇ ਹਨ। ਸਾਬਕਾ ਮੁੱਖ ਮੰਤਰੀ ਨੇ ਸੂਬਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਚਮਕੌਰ ਸਾਹਿਬ ਵਿੱਚ ਟੈਕਨੀਕਲ ਯੂਨੀਵਰਸਿਟੀ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ ਪਰ ਮੌਜੂਦਾ ਸਰਕਾਰ ਨੇ ਕੰਮ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਅੱਕੇ ਲੋਕ ਮੁੜ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸਾਬਕਾ ਕੌਂਸਲਰ ਵਰਿੰਦਰ ਕੁਮਾਰ ਵਿੱਕੀ, ਲਾਭ ਸਿੰਘ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ ਪਿੰਨੀ, ਮੇਜਰ ਸਿੰਘ, ਸੁਖਜੀਤ ਸਿੰਘ, ਬਲਦੇਵ ਸਿੰਘ, ਕਰਮਜੀਤ ਸਿੰਘ, ਦੀਪਾ ਖਾਨ, ਜਸਵਿੰਦਰ ਸਿੰਘ ਜੱਸੀ, ਡਾ ਮਿੰਟੂ ਅਰੋੜਾ, ਸਰਬਜੀਤ ਸਿੰਘ, ਗੁਰਦੀਪ ਸਿੰਘ ਕੀਪਾ ਅਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ।