ਕੌਮੀ ਸ਼ਾਹਰਾਹਾਂ ਦਾ ਨੈੱਟਵਰਕ ਦੋ ਸਾਲਾਂ ’ਚ ਅਮਰੀਕਾ ਨਾਲੋਂ ਵੀ ਵਧੀਆ ਹੋਵੇਗਾ: ਗਡਕਰੀ
ਧਾਰ (ਮੱਧ ਪ੍ਰਦੇਸ਼)-ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਮੱਧ ਪ੍ਰਦੇਸ਼ ’ਚ ਕੌਮੀ ਸ਼ਾਹਰਾਹਾਂ ਦਾ ਨੈੱਟਵਰਕ ਅਮਰੀਕਾ ਨਾਲੋਂ ਵੀ ਵਧੀਆ ਬਣ ਜਾਵੇਗਾ ਅਤੇ ਇਕ ਸਾਲ ਦੇ ਅੰਦਰ ਸੂਬੇ ਵਿੱਚ ਤਿੰਨ ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਸਬੰਧੀ ਵਿਕਾਸ ਪ੍ਰਾਜੈਕਟ ਪੂਰੇ ਕਰ ਲਏ ਜਾਣਗੇ। ਧਾਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਮੋਹਨ ਯਾਦਵ ਦੀ ਮੌਜੂਦਗੀ ’ਚ 5800 ਕਰੋੜ ਰੁਪਏ ਦੀ ਲਾਗਤ ਵਾਲੇ 10 ਕੌਮੀ ਸ਼ਾਹਰਾਹ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੌਰਾਨ ਗਡਕਰੀ ਨੇ ਇਹ ਸ਼ਬਦ ਕਹੇ।
ਕੇਂਦਰੀ ਸੜਕੀ ਆਵਾਜਾਈ ਅਤੇ ਕੌਮੀ ਸ਼ਾਹਰਾਹ ਮੰਤਰੀ ਨੇ ਜੌਹਨ ਐੱਫ ਕੈਨੇਡੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕੀ ਸੜਕਾਂ ਇਸ ਵਾਸਤੇ ਵਧੀਆ ਨਹੀਂ ਹਨ ਕਿ ਅਮਰੀਕਾ ਅਮੀਰ ਹੈ, ਬਲਕਿ ਅਮਰੀਕਾ ਇਸ ਵਾਸਤੇ ਅਮੀਰ ਹੈ ਕਿਉਂਕਿ ਅਮਰੀਕੀ ਸੜਕਾਂ ਵਧੀਆ ਹਨ। ਉਨ੍ਹਾਂ ਕਿਹਾ, ‘‘ਮੈਂ ਮੱਧ ਪ੍ਰਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਦੋ ਸਾਲਾਂ ਦੇ ਅੰਦਰ ਸੂਬੇ ਦਾ ਕੌਮੀ ਸ਼ਾਹਰਾਹ ਨੈੱਟਵਰਕ ਅਮਰੀਕਾ ਨਾਲੋਂ ਵੀ ਵਧੀਆ ਬਣ ਜਾਵੇਗਾ।’’ ਗਡਕਰੀ ਨੇ ਕਿਹਾ ਕਿ ਉਹ ਝੂਠੇ ਵਾਅਦੇ ਨਹੀਂ ਕਰਦੇ ਅਤੇ ਜੋ ਵੀ ਵਾਅਦਾ ਕਰਦੇ ਹਨ, ਉਸ ਨੂੰ ਡੰਕੇ ਦੀ ਚੋਟ ’ਤੇ ਪੂਰਾ ਕਰਦੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਯਾਦਵ ਮੱਧ ਪ੍ਰਦੇਸ਼ ਨੂੰ ਸੁਖੀ ਤੇ ਖੁਸ਼ਹਾਲ ਬਣਾਉਣ ਦੇ ਮਿਸ਼ਨ ਵਿੱਚ ਜੁੱਟੇ ਹੋਏ ਹਨ ਅਤੇ ਸਾਰੇ ਖੇਤਰਾਂ ਵਿੱਚ ਇਹ ਸੂਬਾ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਵਿਕਾਸ ਨੂੰ ਕਾਫੀ ਨੇੜਿਓਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਨ੍ਹਾਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। –