Punjab

ਪੰਨੂ ਦੀ ਕੋਈ ਚਾਲ ਕਾਮਯਾਬ ਨਹੀਂ ਹੋਣ ਦੇਵਾਂਗੇ: ਬਲਬੀਰ ਸਿੰਘ

ਪਟਿਆਲਾ-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾ. ਅੰਬੇਡਕਰ ਦੀ ਜੈਯੰਤੀ ਮੌਕੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਨੂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਸਰਕਾਰ ਉਸ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ 14 ਅਪਰੈਲ ਨੂੰ ਬਾਬਾ ਸਾਹਿਬ ਦੀ ਜੈਯੰਤੀ ਧੂਮਧਾਮ ਨਾਲ ਮਨਾਈ ਜਾਵੇਗੀ। ਇੱਥੇ ਸਰਕਟ ਹਾਊਸ ਵਿੱਚ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਨੂ ਵਰਗੇ ਲੋਕਾਂ ਨੂੰ ਪੰਜਾਬ ਦੀ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ। ਇਸ ਦੌਰਾਨ ਨਾਭਾ ਦੇ ਵਿਧਾਇਕ ਦੇਵ ਮਾਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਅਤੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮਾਰਕੀਟ ਕਮੇਟੀ ਨਾਭਾ ਤੇ ਭਾਦਸੋਂ ਦੇ ਚੇਅਰਮੈਨ ਗੁਰਦੀਪ ਟਿਵਾਣਾ ਤੇ ਗੁਰਦੀਪ ਦੀਪਾ ਰਾਮਗੜ੍ਹ ਸਣੇ ਅਮਰੀਕ ਸਿੰਘ ਬੰਗੜ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਐੱਸਐੱਫਜੇ ਦੇ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੀ 14 ਅਪਰੈਲ ਨੂੰ ਆ ਰਹੀ ਜੈਯੰਤੀ ਤੋਂ ਪਹਿਲਾਂ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਭਾਰਤੀ ਸੰਵਿਧਾਨ ਦੀ ਕਾਪੀ ਸਾੜਨ ਦੀ ਵੀਡੀਓ ਜਾਰੀ ਕਰਦਿਆਂ ਹਮਖ਼ਿਆਲੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਸੀ। ਦੂਜੇ ਪਾਸੇ, ਪੁਲੀਸ ਨੇ ਇਹ ਕਾਪੀ ਰਾਜਪੁਰਾ ਸਟੇਸ਼ਨ ’ਤੇ ਸਾੜੀ ਹੋਣ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ। ਡੀਆਈਜੀ ਮਨਦੀਪ ਸਿੱਧੂ ਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੰਨੂ ਦਾ ਇਹ ਦਾਅਵਾ ਕੋਰਾ ਝੂਠ ਹੈ। ਦਲਿਤ ਤੇ ਕਈ ਹੋਰ ਆਗੂਆਂ ਨੇ ਪੰਨੂ ਦੀ ਨਿਖੇਧੀ ਕੀਤੀ ਹੈ।

ਇਸੇ ਦੌਰਾਨ ਪਟਿਆਲਾ ਦੇ ਕਈ ਪੱਤਰਕਾਰਾਂ ਨੂੰ ਭੇਜੀ ਈਮੇਲ ਰਾਹੀਂ ਪੰਨੂ ਵੱਲੋਂ ਸਿੱਖਾਂ ਅਤੇ ਦਲਿਤਾਂ ਨੂੰ ਵੀ ਡਾ. ਅੰਬੇਡਕਰ ਖ਼ਿਲਾਫ਼ ਭੜਕਾਉਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਗਈ ਹੈ। ਉਸ ਨੇ ਬਾਬਾ ਸਾਹਿਬ ਦੀ ਜੈਯੰਤੀ ਤੋਂ ਪਹਿਲਾਂ ਉਨ੍ਹਾਂ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਵੱਲੋਂ ਦੱਸੇ ਨਾਅਰੇ ਲਿਖਣ ਦਾ ਸੱਦਾ ਵੀ ਦਿੱਤਾ ਹੈ। ਪੰਨੂ ਦੀ ਅਜਿਹੀ ਬਿਆਨਬਾਜ਼ੀ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਅੰਬੇਡਕਰ ਜੈਯੰਤੀ ਮੌਕੇ ਪੰਜਾਬ ’ਚ ਹੋਣ ਵਾਲ਼ੇ ਵਿਸ਼ੇਸ਼ ਸਮਾਗਮ ਲਈ ਹੁਣੇ ਤੋਂ ਚੌਕਸੀ ਵਰਤੀ ਜਾ ਰਹੀ ਹੈ।