ਸ਼੍ਰੋਮਣੀ ਅਕਾਲੀ ਦਲ ਦੇ ਅੱਠ ਆਗੂਆਂ ਵੱਲੋਂ ਅਸਤੀਫ਼ੇ
ਚਮਕੌਰ ਸਾਹਿਬ-ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ, ਰਾਜਸੀ ਮਾਮਲਿਆਂ ਦੇ ਮੈਂਬਰ ਬਲਬੀਰ ਸਿੰਘ ਕੁਠਾਲਾ, ਸਲਾਹਕਾਰਾਂ ਡਾ. ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਗੁਰਮੁੱਖ ਸਿੰਘ ਸੰਧੂ, ਵਰਕਿੰਗ ਕਮੇਟੀ ਮੈਂਬਰ ਗਗਨਦੀਪ ਸਿੰਘ ਰਿਆੜ ਅਤੇ ਜਾਇੰਟ ਸਕੱਤਰ ਸੁਖਵਿੰਦਰ ਸਿੰਘ ਦੀਨਾਨਗਰ ਅਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਗੁਰਸਰਨ ਸਿੰਘ ਸੰਧੂ ਅਤੇ ਅਰਵਿੰਦਰ ਸਿੰਘ ਮਿੰਟੂ ਪਟਿਆਲਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਅਸਤੀਫ਼ੇ ਤੁਰੰਤ ਪ੍ਰਵਾਨ ਕਰਨ ਦੀ ਅਪੀਲ ਕੀਤੀ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਪਾਰਟੀ ਨੇ ਕਦੇ ਵੀ ਉਨ੍ਹਾਂ ਦੀ ਸਲਾਹ ਨਹੀਂ ਲਈ। ਉਨ੍ਹਾਂ ਪਾਰਟੀ ਦੇ ਇੱਕ ਆਗੂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਸ਼ਖਸ ਦੀ ਬਦੌਲਤ ਅਕਾਲੀ ਦਲ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਪਾਰਟੀ ਦੇ ਬੁਲਾਰੇ ਅਤੇ ਜਰਨਲ ਸਕੱਤਰ ਦੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਨਾਲ ਪੂਰਨ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗਲਤ ਸਲਾਹਕਾਰਾਂ ਤੋਂ ਬਚਣ ਦੀ ਬੇਹੱਦ ਲੋੜ ਹੈ। ਸਾਰਿਆਂ ਨੇ ਇੱਕਮੱਤ ਹੁੰਦਿਆਂ ਕਰਨੈਲ ਸਿੰਘ ਪੀਰਮੁਹੰਮਦ ਨਾਲ ਖੜ੍ਹਨ ਦਾ ਐਲਾਨ ਕੀਤਾ। ਉਨ੍ਹਾਂ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਮੂਕ ਦਰਸ਼ਕ ਬਣਨ ਦੀ ਥਾਂ ਪਾਰਟੀ ਦੀ ਵਿਗੜਦੀ ਜਾ ਰਹੀ ਦਿਸ਼ਾ ਤੇ ਦਸ਼ਾ ਨੂੰ ਠੀਕ ਕਰਨ ਲਈ ਆਵਾਜ਼ ਬੁਲੰਦ ਕਰਨ।