National

ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ- ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਅਣਮਿੱਥੇ ਲਈ ਚੁੱਕੇ ਜਾਣ ਨਾਲ 31 ਜਨਵਰੀ ਤੋਂ ਸ਼ੁਰੂ ਹੋਇਆ ਬਜਟ ਸੈਸ਼ਨ ਦਾ ਦੂਜਾ ਗੇੜ ਸਮਾਪਤ ਹੋ ਗਿਆ ਹੈ। ਉਂਝ ਸੰਸਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਦੋਵਾਂ ਸਦਨਾਂ ਵਿਚ ਜਮ ਕੇ ਹੰਗਾਮਾ ਦੇਖਣ ਨੂੰ ਮਿਲਿਆ।

ਕਾਂਗਰਸ ਆਗੂ ਸੋਨੀਆ ਗਾਂਧੀ ਦੇ ਬਿਆਨ ਨੂੰ ਲੈ ਕੇ ਪਏ ਰੌਲੇ-ਰੱਪੇ ਮਗਰੋਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਜਿਵੇਂ ਹੀ ਸਦਨ ਮੁੜ ਜੁੜਿਆ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਆਪਣਾ ਸਮਾਪਤੀ ਭਾਸ਼ਣ ਪੜ੍ਹਿਆ ਅਤੇ ਸਦਨ ਨੂੰ ਅਣਮਿੱਥੇ ਸਮੇਂ ਲਈ (ਨਵਾਂ ਸੈਸ਼ਨ ਬੁਲਾਏ ਜਾਣ ਤੱਕ) ਮੁਲਤਵੀ ਕਰ ਦਿੱਤਾ

ਬਿਰਲਾ ਨੇ ਕਿਹਾ ਕਿ ਸੈਸ਼ਨ ਦੌਰਾਨ ਵਕਫ਼ ਸੋਧ ਬਿੱਲ ਸਣੇ ਕੁੱਲ 16 ਬਿੱਲ ਪਾਸ ਕੀਤੇ ਗਏ ਅਤੇ ਸਦਨ ਦੀ ਕੰਮਕਾਜੀ ਉਤਪਾਦਕਤਾ 118 ਪ੍ਰਤੀਸ਼ਤ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਬਿਰਲਾ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਸੋਨੀਆ ਗਾਂਧੀ ਬਾਰੇ ਟਿੱਪਣੀਆਂ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ।

ਬਜਟ ਸੈਸ਼ਨ ਦੌਰਾਨ ਲੋਕ ਸਭਾ ਵੱਲੋਂ ਵੱਖ-ਵੱਖ ਮੰਤਰਾਲਿਆਂ ਲਈ ਗ੍ਰਾਂਟਾਂ ਦੀਆਂ ਮੰਗਾਂ ਦੇ ਨਾਲ-ਨਾਲ ਵਿੱਤ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਰਕਾਰ ਨੇ ਆਪਣਾ ਬਜਟ ਅਭਿਆਸ ਪੂਰਾ ਕਰ ਲਿਆ। ਲੋਕ ਸਭਾ ਨੇ ਕੇਂਦਰੀ ਸ਼ਾਸਨ ਅਧੀਨ ਮਨੀਪੁਰ ਲਈ ਬਜਟ ਨੂੰ ਵੀ ਹਰੀ ਝੰਡੀ ਦੇ ਦਿੱਤੀ।