Sports

ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ

ਕੋਲਕਾਤਾ-ਤਿੰਨ ’ਚੋਂ ਦੋ ਮੈਚਾਂ ’ਚ ਹਾਰ ਦਾ ਸਾਹਮਣਾ ਕਰ ਚੁੱਕੀ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪਿਛਲੇ ਸਾਲ ਦੀ ਫਾਈਨਲਿਸਟ ਸਨਰਾਈਜ਼ਰਜ਼ ਹੈਦਰਾਬਾਦ ਜਦੋਂ ਵੀਰਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਵੇਂ ਟੀਮਾਂ ਜਿੱਤ ਦੇ ਰਾਹ ’ਤੇ ਵਾਪਸ ਆਉਣਾ ਚਾਹੁਣਗੀਆਂ। ਕੋਲਕਾਤਾ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਸੀਜ਼ਨ ਦੇ ਪਹਿਲੇ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਹੱਥੋਂ ਮਿਲੀ ਹਾਰ ਮਗਰੋਂ ਕਿਹਾ ਸੀ ਕਿ ਹਾਲੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਤਿੰਨ ਮੈਚਾਂ ’ਚੋਂ ਦੋ ਹਾਰਾਂ ਤੋਂ ਬਾਅਦ ਟੀਮ ’ਚ ਥੋੜ੍ਹੀ ਘਬਰਾਹਟ ਤਾਂ ਜ਼ਰੂਰ ਹੋਵੇਗੀ। ਉਧਰ ਹੈਦਰਾਬਾਦ ਵੀ ਆਪਣੇ ਤਿੰਨ ’ਚੋਂ ਦੋ ਮੈਚ ਹਾਰ ਚੁੱਕੀ ਹੈ। ਕੋਲਕਾਤਾ ਦੀ ਟੀਮ ਪਿਛਲੇ ਸੀਜ਼ਨ ਵਿੱਚ ਸਿਰਫ਼ ਤਿੰਨ ਮੈਚ ਹਾਰੀ ਸੀ। ਇਹ ਮੈਚ ਈਡਨ ਗਾਰਡਨਜ਼ ’ਚ ਖੇਡਿਆ ਜਾਵੇਗਾ ਅਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ’ਤੇ ਦਬਾਅ ਹੈ ਕਿ ਉਹ ਕੋਲਕਾਤਾ ਦੀ ਟੀਮ ਦੇ ਅਨੁਕੂਲ ਪਿੱਚ ਤਿਆਰ ਕਰੇ। ਕੋਲਕਾਤਾ ਦੀ ਟੀਮ ਵਿੱਚ ਸੁਨੀਲ ਨਾਰਾਇਣ, ਮੋਇਨ ਅਲੀ ਅਤੇ ਵਰੁਣ ਚੱਕਰਵਰਤੀ ਵਰਗੇ ਸ਼ਾਨਦਾਰ ਸਪਿੰਨਰ ਹਨ। ਰਿਪੋਰਟਾਂ ਅਨੁਸਾਰ ਈਡਨ ਗਾਰਡਨਜ਼ ਦੇ ਪਿੱਚ ਕਿਊਰੇਟਰ ਨੇ ਪਹਿਲੇ ਮੈਚ ਲਈ ਸਪਿੰਨਰ ਵਾਸਤੇ ਅਨੁਕੂਲ ਪਿੱਚ ਤਿਆਰ ਕਰਨ ਦੀ ਕੋਲਕਾਤਾ ਦੀ ਮੰਗ ਰੱਦ ਕਰ ਦਿੱਤੀ ਸੀ ਅਤੇ ਇਹ ਫ਼ੈਸਲਾ ਟੀਮ ਲਈ ਮਹਿੰਗਾ ਸਾਬਤ ਹੋਇਆ। ਉਧਰ ਪੈਟ ਕਮਿਨਸ ਦੀ ਅਗਵਾਈ ਵਾਲੀ ਟੀਮ ਨੂੰ ਪਿਛਲੇ ਆਈਪੀਐੱਲ ਫਾਈਨਲ ਵਿੱਚ ਹਾਰ ਦਾ ਬਦਲਾ ਲੈਣ ਲਈ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਪਵੇਗਾ। ਕਮਿਨਸ ਅਤੇ ਮੁਹੰਮਦ ਸ਼ਮੀ ਈਡਨ ਗਾਰਡਨਜ਼ ’ਤੇ ਖ਼ਤਰਨਾਕ ਸਾਬਕ ਹੋ ਸਕਦੇ ਹਨ। ਸ਼ਮੀ ਘਰੇਲੂ ਕ੍ਰਿਕਟ ਬੰਗਾਲ ਲਈ ਖੇਡਦਾ ਹੈ, ਜਿਸ ਕਰਕੇ ਇਹ ਸ਼ਮੀ ਦਾ ਘਰੇਲੂ ਮੈਦਾਨ ਹੈ।