ਆਰਥਿਕ ਸਥਿਰਤਾ ਲਈ ਆਰਬੀਆਈ ਤੇ ਸਰਕਾਰ ਵਿਚਾਲੇ ਤਾਲਮੇਲ ਜ਼ਰੂਰੀ: ਮੁਰਮੂ
ਮੁੰਬਈ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਤਕਨੀਕ ਦੀ ਪ੍ਰਗਤੀ ਨਾਲ ਵਿੱਤੀ ਧੋਖਾਧੜੀ ਦਾ ਜੋਖਮ ਵਧ ਰਿਹਾ ਹੈ ਅਤੇ ਵੱਡੀ ਆਰਥਿਕ ਸਥਿਰਤਾ ਬਣਾਏ ਰੱਖਣ ਲਈ ਕੇਂਦਰੀ ਬੈਂਕ ਤੇ ਸਰਕਾਰ ਵਿਚਾਲੇ ਤਾਲਮੇਲ ਦੀ ਜ਼ਰੂਰਤ ਹੈ। ਭਾਰਤੀ ਰਿਜ਼ਰਵ ਬੈਂਕ ਦੀ 90ਵੀਂ ਵਰ੍ਹੇਗੰਢ ਦੇ ਸਮਾਪਤੀ ਸਮਾਗਮ ’ਚ ਮੁਰਮੂ ਨੇ ਬੈਂਕਿੰਗ ਖੇਤਰ ਨੂੰ ਮਜ਼ਬੂਤ ਤੇ ਸੁਰੱਖਿਆ ਬਣਾਉਣ ਲਈ ਸਰਗਰਮੀ ਨਾਲ ਕਦਮ ਚੁੱਕਣ ਲਈ ਆਰਬੀਆਈ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, ‘ਤਕਨੀਕ ਦੀ ਤੇਜ਼ ਪ੍ਰਗਤੀ ਨਾਲ ਵਿੱਤੀ ਧੋਖਾਧੜੀ ਤੇ ਸਾਈਬਰ ਖਤਰਿਆਂ ਦਾ ਜੋਖ਼ਮ ਵੀ ਵਧ ਰਿਹਾ ਹੈ।’ ਮੁਰਮੂ ਨੇ ਕਿਹਾ ਕਿ ਇਹ ਵਧਦੀ ਚਿੰਤਾ ਦਾ ਵਿਸ਼ਾ ਹੈ ਜਿਸ ਦੀ ਲਗਾਤਾਰ ਨਿਗਰਾਨੀ ਦੀ ਲੋੜ ਹੈ। ਉਨ੍ਹਾਂ ਕਿਹਾ, ‘ਇਹ ਸਥਾਈ ਭਾਈਵਾਲੀ ਗੁੰਝਲਦਾਰ ਆਰਥਿਕ ਤਬਦੀਲੀਆਂ ਨਾਲ ਨਜਿੱਠਣ, ਅਹਿਮ ਵਿੱਤੀ ਸੁਧਾਰ ਲਾਗੂ ਕਰਨ ਤੇ ਆਰਥਿਕ ਸਥਿਰਤਾ ਬਣਾਏ ਰੱਖਣ ਲਈ ਜ਼ਰੂਰੀ ਰਹੀ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਆਰਬੀਆਈ ਦੇ 90 ਸਾਲ ਦੇ ਇਤਿਹਾਸ ’ਚ ਸਭ ਤੋਂ ਵੱਡੀ ਪ੍ਰਾਪਤੀ ਲੋਕਾਂ ਦਾ ਭਰੋਸਾ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕ ‘ਸਹਿਜ ਤੌਰ ’ਤੇ’ ਕੇਂਦਰੀ ਬੈਂਕ ਵੱਲੋਂ ਚਲਾਈ ਜਾਣ ਵਾਲੀ ਵਿੱਤੀ ਪ੍ਰਣਾਲੀ ’ਚ ਸਭ ਤੋਂ ਵੱਧ ਭਰੋਸਾ ਰੱਖਦੇ ਹਨ। ਉਨ੍ਹਾਂ ਕਿਹਾ, ‘ਮੈਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਹੈ ਕਿ ਆਰਬੀਆਈ ਦੇਸ਼ ’ਚ ਸਭ ਤੋਂ ਅਹਿਮ ਸੰਸਥਾਵਾਂ ’ਚੋਂ ਇੱਕ ਵਜੋਂ ਉਭਰਿਆ ਹੈ।
ਮੁਰਮੂ ਨੇ ਕਿਹਾ ਕਿ ਆਰਬੀਆਈ ਨੇ ਮੁੱਲ ਸਥਿਰਤਾ, ਵਿਕਾਸ ਤੇ ਵਿੱਤੀ ਸਥਿਰਤਾ ਦਿੰਦਿਆਂ ਭਰੋਸਾ ਹਾਸਲ ਕੀਤਾ ਹੈ। ਉਸ ਨੇ ਦੇਸ਼ ਦੀਆਂ ਉਭਰਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਲਚਕਦਾਰ ਰੁਖ਼ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕੋਵਿਡ-19 ਆਲਮੀ ਮਹਾਮਾਰੀ ਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤੁਰੰਤ ਪ੍ਰਤੀਕਿਰਿਆ ਆਰਬੀਆਈ ਦੀ ਜੁਝਾਰੂ ਸਮਰੱਥਾ ਨੂੰ ਦਰਸਾਉਂਦਾ ਹੈ। ਸਮਾਗਮ ਦੌਰਾਨ ਆਰਬੀਆਈ ਦੇ ਦਹਾਕਿਆਂ ਬਾਰੇ ਪੰਜ ‘ਐਪੀਸੋਡ’ ਦੀ ਇੱਕ ਵੈਬਸੀਰੀਜ਼ ਦਾ ਟੀਜ਼ਰ ਦਿਖਾਇਆ ਗਿਆ ਜਿਸ ’ਚ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਉਣ ਵਾਲੇ ਭਾਰਤ ਦੇ ਸੋਨੇ ਦੇ ਭੰਡਾਰ ਦੇ ਦ੍ਰਿਸ਼ ਵੀ ਸ਼ਾਮਲ ਹਨ।