ਸੰਖੇਪ ਬਿਮਾਰੀ ਤੋਂ ਬਾਅਦ ਕਿੰਗ ਚਾਰਲਸ ਵੱਲੋਂ ਕੰਮ-ਕਾਜ ਸ਼ੁਰੂ
ਲੰਡਨ-ਬਰਤਾਨੀਆ ਦੇ ਕਿੰਗ ਚਾਰਲਸ ਆਪਣੇ ਕੰਮ ਕਾਜ ’ਤੇ ਪਰਤ ਆਏ ਹਨ। ਇਹ ਪਤਾ ਲੱਗਿਆ ਹੈ ਕਿ ਉਹ ਪੱਛਮੀ ਇੰਗਲੈਂਡ ਵਿੱਚ ਆਪਣੇ ਹਾਈਗਰੋਵ ਘਰ ਵਿੱਚ ਆਰਾਮਦਾਇਕ ਵੀਕਐਂਡ ਮਨਾਉਣ ਬਾਅਦ ਅੱਜ ਵਿੰਡਸਰ ਕੈਸਲ ਗਏ ਜਿੱਥੇ ਉਹ ਇੱਕ ਆਮ ਕੰਮਕਾਜੀ ਹਫ਼ਤੇ ਦੀ ਤਿਆਰੀ ਕਰਨਗੇ। ਇਸ ਤੋਂ ਪਹਿਲਾਂ
ਕਿੰਗ ਚਾਰਲਸ ਤੀਜੇ ਨੂੰ ਕੈਂਸਰ ਦੇ ਇਲਾਜ ਤੋਂ ਬਾਅਦ ਸਮੱਸਿਆ ਆਉਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਚਾਰਲਸ (76) ਨੂੰ ਕੁਝ ਸਮੇਂ ਲਈ ਹਸਪਤਾਲ ਲਿਜਾਇਆ ਗਿਆ। ਦੱਸਣਾ ਬਣਦਾ ਹੈ ਕਿ ਕਿੰਗ ਚਾਰਲਸ ਨੂੰ ਪਿਛਲੇ ਸਾਲ ਫਰਵਰੀ ’ਚ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਸੀ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਕੈਂਸਰ ਦੇ ਇਲਾਜ ਦੇ ਉਨ੍ਹਾਂ ’ਤੇ ਕੀ ਪ੍ਰਭਾਵ ਪਏ ਹਨ।