National

ਆਰਥਿਕ ਹਿੱਤਾਂ ਦੀ ਰੱਖਿਆ ਲਈ ਟੈਰਿਫ ਤੇ ਪਾਬੰਦੀਆਂ ਦਾ ਰੁਝਾਨ ਵਧਿਆ: ਜੈਸ਼ੰਕਰ

ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਵੱਖ-ਵੱਖ ਮੁਲਕਾਂ ਵੱਲੋਂ ਆਪਣੇ ਆਰਥਿਕਾਂ ਹਿੱਤਾਂ ਦੀ ਰੱਖਿਆ ਲਈ ਟੈਰਿਫ ਅਤੇ ਪਾਬੰਦੀਆਂ ਦੀ ਵਧਦੀ ਵਰਤੋਂ ਦੀ ਹਕੀਕਤ ਨੂੰ ਉਭਾਰਿਆ ਅਤੇ ਕਿਹਾ ਕਿ ਵਿਕਸਿਤ ਹੋ ਰਹੇ ਕੌਮਾਂਤਰੀ ਸਬੰਧਾਂ ਨੇ ਉਹ ਲਕੀਰਾਂ ਮਿਟਾ ਦਿੱਤੀਆਂ ਹਨ ਜੋ ਮੁਲਕਾਂ ਨੂੰ ਵੱਖ-ਵੱਖ ਖੇਤਰਾਂ ’ਚ ਵੰਡਦੀਆਂ ਹਨ।

ਜੈਸ਼ੰਕਰ ਨੇ ਭਾਰਤ ਵੱਲੋਂ ਹੋਰ ਮੁਲਕਾਂ ’ਤੇ ਟੈਰਿਫ ਅਤੇ ਪਾਬੰਦੀਆਂ ਦੀ ਵਰਤੋਂ ਤੋਂ ਇਨਕਾਰ ਸਬੰਧੀ ਸਵਾਲ ’ਤੇ ਕਿਹਾ, ‘‘ਟੈਰਿਫ, ਪਾਬੰਦੀਆਂ, ਮੈਨੂੰ ਲੱਗਦਾ ਹੈ ਕਿ ਅਸੀਂ ਭਾਵੇਂ ਪਸੰਦ ਕਰੀਏ ਜਾਂ ਨਾ ਪਰ ਇਹ ਹਕੀਕਤ ਹੈ ਕਿ ਦੇਸ਼ ਇਨ੍ਹਾਂ ਦੀ ਵਰਤੋਂ ਕਰਦੇ ਹਨ। ਅਸਲ ਵਿੱਚ ਜੇਕਰ ਕੋਈ ਪਿਛਲੇ ਦਹਾਕੇ ’ਤੇ ਨਜ਼ਰ ਮਾਰੇ, ਤਾਂ ਮੈਂ ਕਹਾਂਗਾ ਕਿ ਅਸੀਂ ਕਿਸੇ ਤਰ੍ਹਾਂ ਦੀ ਸਮਰੱਥਾ ਜਾਂ ਕਿਸੇ ਆਰਥਿਕ ਸਰਗਰਮੀ ਦੀ ਬਹੁਤ ਜ਼ਿਆਦਾ ਵਰਤੋਂ ਨਹੀਂ ਦੇਖੀ। ਇਹ ਵਿੱਤੀ ਪ੍ਰਵਾਹ ਹੋ ਸਕਦਾ ਹੈ। ਇਹ ਊਰਜਾ ਸਪਲਾਈ ਜਾਂ ਤਕਨੀਕ ਹੋ ਸਕਦੀ ਹੈ।’’ ਉਨ੍ਹਾਂ ਨੇ ਇਹ ਟਿੱਪਣੀ ਅੱਜ ਦਿੱਲੀ ’ਚ ਰਾਇਸੀਨਾ ਡਾਇਲਾਗ’ ਦੌਰਾਨ ‘‘ਰਾਜਨੀਤੀ, ਵਪਾਰ ਅਤੇ ਨਵਾਂ ਆਲਮੀ ਪ੍ਰਬੰਧ’’ ਨਾਲ ਸਬੰਧ ਵਿਸ਼ੇ ’ਤੇ ਪੈਨਲ ਚਰਚਾ ਦੌਰਾਨ ਕੀਤੀ। ਵਿਦੇਸ਼ ਮੰਤਰੀ ਦੀ ਇਹ ਟਿੱਪਣੀ ਅਮਰੀਕਾ ਵੱਲੋਂ ਭਾਰਤ ਸਣੇ ਵੱਖ-ਵੱਖ ਮੁਲਕਾਂ ਤੋਂ ਵਸਤਾਂ ਦੀ ਦਰਾਮਦ ’ਤੇ ਟੈਕਸਾਂ ਦੇ ਐਲਾਨ ਦੌਰਾਨ ਸਾਹਮਣੇ ਆਈ ਹੈ। ਜੈਸ਼ੰਕਰ ਨੇ ਕਿਹਾ, ‘‘ਇਹ ਦੁਨੀਆ ਦੀ ਹਕੀਕਤ ਹੈ। ਤੁਸੀਂ ਆਪਣੇ ਕਾਰੋਬਾਰ ਲਈ ਲੜਦੇ ਹੋ ਕਿਉਂਕਿ ਤੁਸੀਂ ਆਪਣੇ ਰੁਜ਼ਗਾਰ ਲਈ ਲੜ ਰਹੇ ਹੋ, ਤੁਸੀਂ ਆਪਣੀ ਵਿਆਪਕ ਕੌਮੀ ਸ਼ਕਤੀ ਲਈ ਲੜ ਰਹੇ ਹੋ, ਜਿਸ ਵਿੱਚ ਕਾਰੋਬਾਰ ਬਹੁਤ ਅਹਿਮ ਯੋਗਦਾਨ ਪਾਉਂਦਾ ਹੈ।