ਪਾਇਲ ਵਿਚ ਜੇਲ੍ਹ ’ਚ ਬੰਦ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ
ਪਾਇਲ- ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਇੱਥੇ ਮੁਹੱਲਾ ਟੰਡਨ ਵਿੱਚ ਨਸ਼ਾ ਤਸਕਰੀ ਦੇ ਦੋਸ਼ ਅਧੀਨ ਜੇਲ੍ਹ ਵਿੱਚ ਬੰਦ ਮੁਨੀਸ਼ ਕੁਮਾਰ ਦੇ ਘਰ ’ਤੇ ਕਾਰਜਸਾਧਕ ਅਫਸਰ ਜਸਵੀਰ ਸਿੰਘ ਦੀ ਹਾਜ਼ਰੀ ਵਿੱਚ ਪੁਲੀਸ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ।
ਪੁਲੀਸ ਮੁਤਾਬਕ ਮੁਨੀਸ਼ ਕੁਮਾਰ ਖਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਐੱਨਡੀਪੀਐਸ ਐਕਟ ਤੇ ਹੋਰਨਾਂ ਧਾਰਾਵਾਂ ਤਹਿਤ 6 ਕੇਸ ਦਰਜ ਹਨ। ਪ੍ਰਸ਼ਾਸਨ ਵੱਲੋਂ ਢਾਹੀ ਗਈ ਜਗ੍ਹਾ ਨਗਰ ਕੌਂਸਲ ਪਾਇਲ ਦੀ ਮਲਕੀਅਤ ਹੈ ਜਿਸ ਉਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਮੌਕੇ ਡੀਐੱਸਪੀ ਖੰਨਾ ਕਰਨਵੀਰ ਸਿੰਘ ਤੂਰ, ਡੀਐੱਸਪੀ (ਐਚ) ਖੰਨਾ ਹਰਪਿੰਦਰ ਕੌਰ, ਡੀਐੱਸਪੀ ਪਾਇਲ ਦੀਪਕ ਰਾਏ, ਐੱਸਐਚਓ ਪਾਇਲ ਸੰਦੀਪ ਕੁਮਾਰ, ਐੱਸਐਚਓ ਸਤਿਨਾਮ ਸਿੰਘ ਮਲੌਦ ਤੋਂ ਇਲਾਵਾ ਨਗਰ ਕੌਂਸਲ ਪਾਇਲ ਦੇ ਅਧਿਕਾਰੀ ਮੌਜੂਦ ਸਨ।
ਮੌਕੇ ’ਤੇ ਪੁੱਜੇ ਖੰਨਾ ਦੇ ਐੱਸਐੱਸਪੀ ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਮੁਨੀਸ਼ ਕੁਮਾਰ ਮਨੀ, ਜੋ ਜੇਲ੍ਹ ਵਿਚ ਬੰਦ ਹੈ, ਖਿਲਾਫ 6 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਨਸ਼ਾ ਕਰਨ ਦੇ ਨਾਲ ਵੇਚਣ ਦਾ ਧੰਦਾ ਵੀ ਕਰਦਾ ਸੀ। ਪਿਛਲੇ 20 ਦਿਨਾਂ ਵਿਚ ਪੁਲੀਸ ਵੱਲੋਂ ਹੁਣ ਤੱਕ 46 ਦੇ ਕਰੀਬ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 100 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਇਲ ਹਲਕੇ ਦੇ ਬਹੁ-ਕਰੋੜੀ ਨਸ਼ਾ ਤਸ਼ਕਰ ਗੁਰਦੀਪ ਸਿੰਘ ਰਾਣੋ ਦੀ ਪ੍ਰਾਪਰਟੀ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਉਸ ਬਾਰੇ ਵੀ ਕਾਨੂੰਨੀ ਰਾਏ ਲਈ ਜਾ ਰਹੀ ਤੇ ਉਸੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਧਰ ਸ਼ਹਿਰ ਵਾਸੀਆਂ ਨੇ ਪੁਲੀਸ ਦੀ ਇਸ ਕਾਰਵਾਈ ’ਤੇ ਉਜ਼ਰ ਜਤਾਉਂਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਪ੍ਰਾਪਰਟੀ ਢਾਹੁਣ ਦੀ ਬਜਾਏ ਵੱਡੇ ਮਗਰਮੱਛਾਂ ਦੇ ਘਰਾਂ ’ਤੇ ਪੀਲਾ ਪੰਜਾ ਚਲਾਉਣ ਦੀ ਦਲੇਰੀ ਦਿਖਾਈ ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯਾਦਵਿੰਦਰ ਸਿੰਘ ਯਾਦੂ, ਜਗਰੂਪ ਸਿੰਘ ਤੇ ਹੋਰਾਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਕਾਰਵਾਈ ਦੀ ਸ਼ਲਾਘਾ ਕੀਤੀ।