ਇੱਕ ਰੋਜ਼ਾ ਕ੍ਰਿਕਟ ਨੂੰ ਹਾਲੇ ਅਲਵਿਦਾ ਨਹੀਂ ਕਹਾਂਗਾ: ਰੋਹਿਤ
ਦੁਬਈ-ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੀਤੇ ਦਿਨ ਚੈਂਪੀਅਨਜ਼ ਟਰਾਫੀ ਜਿੱਤਣ ਮਗਰੋਂ ਸਪੱਸ਼ਟ ਕੀਤਾ ਕਿ ਉਹ ਹਾਲੇ ਇੱਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ ਨਹੀਂ ਕਹਿਣ ਵਾਲਾ। ਆਸਟਰੇਲੀਆ ਦੌਰੇ ਤੋਂ ਹੀ ਰੋਹਿਤ ਦੀ ਕਪਤਾਨੀ ਅਤੇ ਟੀਮ ਵਿੱਚ ਉਸ ਦੀ ਜਗ੍ਹਾ ਬਾਰੇ ਕਿਆਸ ਲਾਏ ਜਾ ਰਹੇ ਸਨ। ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਰੋਹਿਤ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਮੈਂ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਨਹੀਂ ਲੈ ਰਿਹਾ। ਕਿਰਪਾ ਕਰਕੇ ਅਫ਼ਵਾਹਾਂ ਨਾ ਫੈਲਾਓ।’’ ਜਦੋਂ ਉਸ ਨੂੰ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਭਵਿੱਖ ਦੀਆਂ ਹਾਲੇ ਕੋਈ ਯੋਜਨਾਵਾਂ ਨਹੀਂ ਹਨ, ਜੋ ਹੋ ਰਿਹਾ ਹੈ ਉਹ ਜਾਰੀ ਰਹੇਗਾ।’ ਇਸ ਦੌਰਾਨ ਉਸ ਨੇ ਚੈਂਪੀਅਨਜ਼ ਟਰਾਫੀ ਦੀ ਜਿੱਤ ਦੇਸ਼ ਨੂੰ ਸਮਰਪਿਤ ਕਰਦਿਆਂ ਕਿਹਾ, ‘ਇਹ ਜਿੱਤ ਪੂਰੇ ਦੇਸ਼ ਲਈ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਦੇਸ਼ ਸਾਡੇ ਨਾਲ ਹੈ।’
ਰੋਹਿਤ ਨੇ ਕਿਹਾ ਕਿ ਪਾਵਰਪਲੇਅ ਵਿੱਚ ਹਮਲਾਵਰ ਰੁਖ ਅਖਿਤਆਰ ਕਰਨ ਦਾ ਫ਼ੈਸਲਾ ਖਾਸ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ। ਉਸ ਨੇ ਕਿਹਾ, ‘ਮੈਂ ਅੱਜ ਕੁਝ ਵੱਖਰਾ ਨਹੀਂ ਕੀਤਾ। ਮੈਂ ਪਿਛਲੇ ਤਿੰਨ-ਚਾਰ ਮੈਚਾਂ ਤੋਂ ਇਹੀ ਕਰ ਰਿਹਾ ਸੀ।
ਮੈਨੂੰ ਪਤਾ ਹੈ ਕਿ ਪਾਵਰਪਲੇਅ ਵਿੱਚ ਦੌੜਾਂ ਬਣਾਉਣਾ ਕਿੰਨਾ ਅਹਿਮ ਹੈ ਕਿਉਂਕਿ ਅਸੀਂ ਦੇਖਿਆ ਹੈ ਕਿ 10 ਓਵਰਾਂ ਤੋਂ ਬਾਅਦ ਦੌੜਾਂ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ।’ ਉਸ ਨੇ ਕਿਹਾ, ‘ਪਿੱਚ ਸੁਸਤ ਸੀ ਅਤੇ ਦੌੜਾਂ ਬਣਾਉਣਾ ਹੋਰ ਵੀ ਮੁਸ਼ਕਲ ਹੋ ਗਿਆ। ਅਜਿਹੀ ਸਥਿਤੀ ਵਿੱਚ ਸ਼ੁਰੂ ਤੋਂ ਹੀ ਜੋਖ਼ਮ ਲੈਣਾ ਜ਼ਰੂਰੀ ਸੀ। ਮੈਂ ਉਸ ਗੇਂਦਬਾਜ਼ ਨੂੰ ਚੁਣਿਆ, ਜਿਸ ਖ਼ਿਲਾਫ਼ ਮੈਂ ਦੌੜਾਂ ਬਣਾ ਸਕਦਾ ਹਾਂ। ਅੱਜ 10 ਓਵਰਾਂ ਤੋਂ ਬਾਅਦ ਮੈਂ ਆਪਣੀ ਖੇਡ ਵਿੱਚ ਕੁਝ ਬਦਲਾਅ ਕੀਤੇ ਕਿਉਂਕਿ ਮੈਂ ਟਿਕ ਕੇ ਖੇਡਣਾ ਚਾਹੁੰਦਾ ਸੀ।