National

ਉੱਤਰ ਪ੍ਰਦੇਸ਼: ਕੌਸ਼ਾਂਬੀ ’ਚੋਂ ਬੱਬਰ ਖਾਲਸਾ ਦਾ ਅਤਿਵਾਦੀ ਗ੍ਰਿਫ਼ਤਾਰ

ਲਖਨਊ: ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ‘ਸਰਗਰਮ ਕਾਰਕੁਨ’ ਲਾਜਰ ਮਸੀਹ, ਜਿਸ ਵੱਲੋ ਮਹਾਂਕੁੰਭ ’ਚ ਵੱਡਾ ਹਮਲਾ ਕਰਨ ਦੀ ਯੋਜਨਾ ਸੀ, ਨੂੰ ਅੱਜ ਤੜਕੇ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਉੱਤਰ ਪ੍ਰਦੇਸ਼ ਐੱਸਟੀਐੱਫ ਤੇ ਪੰਜਾਬ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਲਾਜਰ ਮਸੀਹ ਨੂੰ ਤੜਕੇ 3.20 ਵਜੇ ਗ੍ਰਿਫ਼ਤਾਰ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮਸੀਹ ਵੱਲੋਂ ਪ੍ਰਯਾਗਰਾਜ ਵਿੱਚ ਮਹਾਂਕੁੰਭ ’ਚ ਵੱਡਾ ਦਹਿਸ਼ਤੀ ਹਮਲਾ ਕਰਨ ਦੀ ਯੋਜਨਾ ਸੀ ਪਰ ਧਾਰਮਿਕ ਸਮਾਗਮ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ। ਡੀਜੀਪੀ ਮੁਤਾਬਕ ਯੋਜਨਾ ਨਾਕਾਮ ਹੋਣ ਕਾਰਨ ਮਸੀਹ ਦਾ ਇਰਾਦਾ ਫਰਜ਼ੀ ਪਾਸਪੋਰਟ ਰਾਹੀਂ ਭਾਰਤ ਤੋਂ ਫਰਾਰ ਹੋਣ ਤੇ ਪੁਰਤਗਾਲ ’ਚ ਸ਼ਰਨ ਲੈਣ ਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ’ਚ ਪੈਂਡੇ ਪਿੰਡ ਕੁਰਲੀਆਂ ਦਾ ਵਸਨੀਕ ਲਾਜਰ ਮਸੀਹ ਪਾਕਿਸਤਾਨ ’ਚ ਤਿੰਨ ਆਈਐੱਸਆਈ ਏਜੰਟਾਂ ਦੇ ਸੰਪਰਕ ਵਿੱਚ ਸੀ। ਉਸ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਪਰ ਉਹ ਪਿਛਲੇ ਵਰ੍ਹੇ 24 ਸਤੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਇਲਾਜ ਦੌਰਾਨ ਫਰਾਰ ਹੋ ਗਿਆ ਸੀ।