National

ਮੁਰਮੂ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੱਤੀ

ਏਕਤਾ ਨਗਰ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ ਨੂੰ ਏਕਤਾ ਨਗਰ ’ਚ ਸਟੈਚੂ ਆਫ਼ ਯੂਨਿਟੀ ਦਾ ਦੌਰਾ ਕਰ ਕੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਗੁਜਰਾਤ ਦੇ ਚਾਰ ਰੋਜ਼ਾ ਦੌਰੇ ’ਤੇ ਆਈ ਮੁਰਮੂ ਨੇ ਏਕਤਾ ਨਗਰ ’ਚ ਹੀ ਸਰਦਾਰ ਸਰੋਵਰ ਡੈਮ ਅਤੇ ਜੰਗਲ ਸਫ਼ਾਰੀ ਦਾ ਦੌਰਾ ਵੀ ਕੀਤਾ। ਗੁਜਰਾਤ ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਰਾਸ਼ਟਰਪਤੀ ਨੂੰ ਡੈਮ ਦੀ ਉਸਾਰੀ ’ਚ ਪੈਦਾ ਹੋਈਆਂ ਅੜਚਨਾਂ, ਜਲ ਭੰਡਾਰ ਦੀ ਸਮਰੱਥਾ ਅਤੇ ਬਿਜਲੀ ਪੈਦਾਵਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਰਾਸ਼ਟਰਪਤੀ ਸ਼ੁੱਕਰਵਾਰ ਨੂੰ ਗਾਂਧੀਨਗਰ ’ਚ ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਦੀ ਤੀਜੀ ਕਾਨਵੋਕੇਸ਼ਨ ’ਚ ਹਿੱਸਾ ਲੈਣਗੇ। ਬਾਅਦ ’ਚ ਉਹ ਕੱਛ ਜ਼ਿਲ੍ਹੇ ਦੇ ਭੁਜ ’ਚ ਸਮ੍ਰਿਤੀਵਨ ਭੂਚਾਲ ਯਾਦਗਾਰ ਦਾ ਦੌਰਾ ਵੀ ਕਰਨਗੇ। ਬਿਆਨ ਮੁਤਾਬਕ ਮੁਰਮੂ ਪਹਿਲੀ ਮਾਰਚ ਨੂੰ ਕੱਛ ’ਚ ਹੜੱਪਾ ਯੁੱਗ ਵਾਲੀ ਥਾਂ ਢੋਲਾਵੀਰਾ ਦਾ ਦੌਰਾ ਕਰਨਗੇ ਜਿਸ ਨੂੰ ਯੂਨੈਸਕੋ ਵਿਸ਼ਵ ਵਿਰਾਸਤੀ ਅਸਥਾਨ ਐਲਾਨਿਆ ਗਿਆ ਹੈ।