_*ਹਜ਼ਾਰਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਗਣਿਤ ਸੈਮੀਨਾਰ*_

ਜਲੰਧਰ ,16 ਜੁਲਾਈ ( ਚਰਨਜੀਤ ਸਿੰਘ)- ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਜ਼ਿਲ੍ਹੇ ਦੇ ਸਮੂਹ ਸਾਇੰਸ ਅਤੇ ਗਣਿਤ ਅਧਿਆਪਕਾਂ ਦੀ ਦੋ ਦਿਨਾ ਟ੍ਰੇਨਿੰਗ ਲਗਾਈ ਜਾ ਰਹੀ ਹੈ ।ਇਸ ਟ੍ਰੇਨਿੰਗ ਤਹਿਤ ਗਣਿਤ ਵਿਸ਼ੇ ਨੂੰ ਹੋਰ ਵਧੇਰੇ ਰੌਚਕ ਬਣਾਉਣ, ਵਧੇਰੇ ਸੁਖਾਲੇ ਤਰੀਕੇ ਨਾਲ ਸਮਝਾਉਣ ਅਤੇ ਨਵੀਆਂ ਤਕਨੀਕਾਂ ਉਸਾਰਣ ਦੇ ਮਕਸਦ ਨਾਲ ਜ਼ਿਲ੍ਹਾ ਜਲੰਧਰ ਦੇ ਸਮੂਹ ਗਣਿਤ ਅਧਿਆਪਕ ਸਹਿਬਾਨਾਂ ਦਾ ਸੈਮੀਨਾਰ ਬਲਾਕ ਪੱਧਰ ‘ਤੇ ਲਗਾਇਆ ਜਾ ਰਿਹਾ ਹੈ। ਇਸੇ ਲੜੀ ਦੌਰਾਨ ਅੱਜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਜ਼ਾਰਾ ਵਿੱਚ ਦੂਸਰੇ ਗਰੁੱਪ ਦਾ ਸੈਮੀਨਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੈਂਟਰ ਧਰਮਪਾਲ ਸਿੰਘ, ਦੀਪਕ ਕੁਮਾਰ ਅਤੇ ਕਪਿਲ ਕੁਮਾਰ ਨੇ ਦੱਸਿਆ ਕਿ ਇਹਨਾਂ ਸੈਮੀਨਾਰਾਂ ਵਿੱਚ ਅਧਿਆਪਕ ਸਹਿਬਾਨ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ । ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਰਾਜੀਵ ਜੋਸ਼ੀ ਵਲੋਂ ਸੈਮੀਨਾਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਮੇਂ ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਅਧਿਆਪਕ ਆਧੁਨਿਕ ਤਕਨੀਕਾਂ ਦੁਆਰਾ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਸਕਣ। ਉਨ੍ਹਾਂ ਵੱਲੋਂ ਸੈਮੀਨਾਰ ਲਗਾ ਰਹੇ ਸਮੂਹ ਅਧਿਆਪਕਾਂ ਨੂੰ ਵਧੀਆ ਢੰਗ ਨਾਲ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਗਣਿਤ ਅਧਿਆਪਕਾਂ ਲਈ ਸੈਮੀਨਾਰ ਦੌਰਾਨ ਗਤੀਵਿਧੀਆਂ ਆਧਾਰਿਤ ਵਰਕਸ਼ਾਪ ਲਗਵਾਈ ਜਾ ਰਹੀ ਹੈ। ਕੁਲਦੀਪ ਕੌਰ ਨੇ ਸਮੂਹ ਸੈਮੀਨੇਰੀਅਨ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਸਮੂਹ ਵਿਸ਼ਾ ਅਧਿਆਪਕਾਂ ਵੱਲੋਂ ਗਣਿਤ ਵਿਸ਼ੇ ਨੂੰ ਰੌਚਕ ਬਣਾਉਣ ਲਈ ਕਈ ਤਰ੍ਹਾਂ ਦੇ ਮਾਡਲ ਬਣਾਏ ਗਏ ਅਤੇ ਸੈਮੀਨਾਰ ਦੇ ਦੂਸਰੇ ਦਿਨ ਪ੍ਰਦਰਸ਼ਨੀ ਵੀ ਲਗਾਈ ਗਈ । ਸੈਮੀਨਾਰ ਦੌਰਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਜੀਤ ਸਿੰਘ, ਕਮਲਜੀਤ ਸਿੰਘ, ਅਜੈ ਭਾਰਦਵਾਜ, ਰਮਨ ਕੁਮਾਰ, ਸੁਰਿੰਦਰ ਕੁਮਾਰ, ਸੱਤਿਆ ਦੇਵ, ਸ਼ਿਵਾਨੀ, ਰਿਤੂ ਹੰਸ, ਮਨਦੀਪ ਕੌਰ ਤੋਂ ਇਲਾਵਾ ਬਲਾਕ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਗਣਿਤ ਵਿਸ਼ੇ ਦੇ ਅਧਿਆਪਕਾਂ ਨੇ ਭਾਗ ਲਿਆ।