Punjab

ਮਿਹਨਤ ਤੇ ਹੌਸਲੇ ਨੇ ਲਿਆਂਦਾ ਰੰਗ: ਧਰਤ ਪੰਜਾਬ ਦੇ ਜਾਏ, ਦੇਸ਼ ’ਤੇ ਛਾਏ

ਐੱਸਏਐੱਸ ਨਗਰ (ਮੁਹਾਲੀ)-ਇਥੋਂ ਦੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਛੇ ਕੈਡੇਟ ਅੱਜ ਥਲ ਅਤੇ ਹਵਾਈ ਫ਼ੌਜ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਤਿੰਨ ਕੈਡੇਟਾਂ ਮੁਹਾਲੀ ਦੇ ਗੌਰਵ ਸਿੰਘ, ਬਠਿੰਡਾ ਦੇ ਨਿਖਿਲ ਬਾਂਸਲ ਅਤੇ ਹੁਸ਼ਿਆਰਪੁਰ ਦੇ ਸਮਯ ਸੈਣੀ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ), ਦੇਹਰਾਦੂਨ ’ਚ 156ਵੇਂ ਰੈਗੂਲਰ ਕੋਰਸ ਦੇ ਹਿੱਸੇ ਵਜੋਂ ਫੌਜ ਵਿੱਚ ਕਮਿਸ਼ਨ ਮਿਲਿਆ ਹੈ। ਇਸ ਮੌਕੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਸ੍ਰੀਲੰਕਾ ਆਰਮੀ ਕਮਾਂਡਰ ਅਤੇ ਆਈਐੱਮਏ ਦੇ ਪਾਸਆਊਟ ਲੈਫ਼ਟੀਨੈਂਟ ਜਨਰਲ ਬੀਕੇਜੀਐੱਮ ਲਾਸੰਥਾ ਰੌਡਰਿਗੋ ਨੇ ਕੀਤਾ। ਤਿੰਨ ਹੋਰ ਕੈਡੇਟਾਂ ਮੁਹਾਲੀ ਦੇ ਕਨਿਸ਼ਕ ਚੌਹਾਨ, ਬਠਿੰਡਾ ਦੇ ਯਸ਼ ਨੈਲਵਾਲ ਅਤੇ ਰੂਪਨਗਰ ਦੇ ਅਭਿਨਵ ਮਿਸ਼ਰਾ ਨੂੰ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ ’ਚ 215ਵੇਂ ਕੋਰਸ ਦੀ ਕੰਬਾਈਨਡ ਪਾਸਿੰਗ ਆਊਟ ਪਰੇਡ ਦੌਰਾਨ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ ਹੈ। ਪਰੇਡ ਦਾ ਨਿਰੀਖਣ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ ਨੇ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਇੰਸਟੀਚਿਊਟ ਦੇ ਡਾਇਰੈਕਟਰ ਅਜੈ ਐੱਚ. ਚੌਹਾਨ ਨੇ ਕੈਡੇਟਾਂ ਨੂੰ ਵਧਾਈ ਦਿੱਤੀ।

ਪੰਜਾਬ ਸਰਕਾਰ ਦੇ ਮੁਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਤਿੰਨ ਸਾਬਕਾ ਕੈਡੇਟਾਂ ਹਰਨੂਰ ਸਿੰਘ, ਕ੍ਰਿਤੀ ਐੱਸ ਬਿਸ਼ਟ ਅਤੇ ਅਲੀਸ਼ਾ ਨੂੰ ਅੱਜ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫ਼ਲਤਾਪੂਰਵਕ ਪਾਸਆਊਟ ਹੋਣ ਉੱਤੇ ਹਵਾਈ ਫ਼ੌਜ ਵਿੱਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਉਨ੍ਹਾਂ ਨੂੰ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਵਿੱਚ ਕਮਿਸ਼ਨ ਦਿੱਤਾ ਗਿਆ, ਜਿਸ ਦਾ ਨਿਰੀਖਣ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕੀਤਾ।

ਹਰਨੂਰ ਸਿੰਘ ਅਤੇ ਅਲੀਸ਼ਾ ਨੂੰ ਸਿੱਖਿਆ ਸ਼ਾਖਾ ਜਦੋਂਕਿ ਕ੍ਰਿਤੀ ਐੱਸ ਬਿਸ਼ਟ ਨੂੰ ਹਵਾਈ ਫ਼ੌਜ ਦੀ ਪ੍ਰਸ਼ਾਸਨ ਸ਼ਾਖਾ ਵਿੱਚ ਫਲਾਈਟ ਕੰਟਰੋਲਰ ਵਜੋਂ ਕਮਿਸ਼ਨ ਮਿਲਿਆ ਹੈ। ਫਲਾਇੰਗ ਅਫ਼ਸਰ ਹਰਨੂਰ ਸਿੰਘ ਪਠਾਨਕੋਟ ਵਾਸੀ ਵਿਕਰਮ ਸਿੰਘ ਬੈਂਸ ਦੀ ਧੀ ਹੈ, ਜੋ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹਨ। ਫਲਾਇੰਗ ਅਫ਼ਸਰ ਕ੍ਰਿਤੀ ਐੱਸ ਬਿਸ਼ਟ ਦੇ ਪਿਤਾ ਸ਼ਕਤੀ ਸ਼ਰਨ ਸਿੰਘ ਪੀਏਸੀਐੱਲ, ਨੰਗਲ ’ਚ ਸੀਨੀਅਰ ਇੰਜਨੀਅਰ ਹਨ। ਫਲਾਇੰਗ ਅਫ਼ਸਰ ਅਲੀਸ਼ਾ ਦੇ ਪਿਤਾ ਸੁਨੀਲ ਦੱਤ, ਜੋ ਜਲੰਧਰ ਨਾਲ ਸਬੰਧ ਰੱਖਦੇ ਹਨ, ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹਨ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਤਿੰਨੋਂ ਕੈਡੇਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ।