ਗੋਲੀਆਂ ਦਾ ਜਵਾਬ ਗੋਲਿਆਂ ਨਾਲ ਦਿਆਂਗੇ: ਮੋਦੀ
ਭੁਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਤਿਵਾਦੀਆਂ ਦੀ ਲੁਕਵੀਂ ਜੰਗ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਹੁਣ ਗੋਲੀਆਂ ਦਾ ਜਵਾਬ ਗੋਲਿਆਂ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਦੇ ਜਵਾਬ ਤਹਿਤ ‘ਸਿੰਧੂਰ’ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਨੂੰ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਸਫ਼ਲ ਅਤਿਵਾਦ ਵਿਰੋਧੀ ਅਪਰੇਸ਼ਨ ਕਰਾਰ ਦਿੱਤਾ ਹੈ। ਇਥੇ ਰਾਣੀ ਅਹਿਲਿਆਬਾਈ ਦੀ 300ਵੀਂ ਜੈਅੰਤੀ ਮੌਕੇ ‘ਲੋਕਮਾਤਾ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਨ ਮਹਾ ਸੰਮੇਲਨ’ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ। ਉਨ੍ਹਾਂ ਰਾਣੀ ਅਹਿਲਿਆਬਾਈ ਦੀ ਜੈਅੰਤੀ ਮੌਕੇ 300 ਰੁਪਏ ਦਾ ਸਿੱਕਾ ਅਤੇ ਯਾਦਗਾਰੀ ਟਿਕਟ ਵੀ ਰਿਲੀਜ਼ ਕੀਤੇ। ਸੰਮੇਲਨ ’ਚ ਸ੍ਰੀ ਮੋਦੀ ਨੇ ਕਿਹਾ, ‘‘ਫ਼ੈਸਲਾਕੁਨ ਜਵਾਬ ਰਾਹੀਂ ਭਾਰਤ ਨੇ ਸੁਨੇਹਾ ਦਿੱਤਾ ਕਿ ਦਹਿਸ਼ਤਗਰਦਾਂ ਦੀ ਲੁਕਵੀਂ ਜੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤ ਸਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਧਰਤੀ ਹੈ ਜੋ ਸਿੰਧੂਰ ਨੂੰ ਮਹਿਲਾ ਸ਼ਕਤੀ ਦੇ ਪ੍ਰਤੀਕ ਵਜੋਂ ਦੇਖਦੀ ਹੈ। ਅੱਜ ਇਹੋ ਸਿੰਧੂਰ ਅਤਿਵਾਦ ਖ਼ਿਲਾਫ਼ ਸਾਡੀ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ। ਜੇ ਤੁਸੀਂ ਗੋਲੀਆਂ ਚਲਾਉਗੇ ਤਾਂ ਯਕੀਨ ਰੱਖਣਾ ਕਿ ਉਨ੍ਹਾਂ ਨੂੰ ਗੋਲਿਆਂ ਨਾਲ ਜਵਾਬ ਦਿੱਤਾ ਜਾਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਗਾਮ ’ਚ ਦਹਿਸ਼ਤਗਰਦਾਂ ਨੇ ਨਾ ਸਿਰਫ਼ ਭਾਰਤੀਆਂ ਦਾ ਖੂਨ ਵਹਾਇਆ ਸਗੋਂ ਉਨ੍ਹਾਂ ਸਾਡੇ ਸਭਿਆਚਾਰ ’ਤੇ ਵੀ ਹਮਲਾ ਕੀਤਾ ਸੀ। ਉਨ੍ਹਾਂ ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸਭ ਤੋਂ ਵੱਡੀ ਗੱਲ ਉਨ੍ਹਾਂ ਭਾਰਤ ਦੀ ਮਹਿਲਾ ਸ਼ਕਤੀ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਚੁਣੌਤੀ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਰਗਨਿਆਂ ਲਈ ਕਾਲ ਬਣ ਗਈ ਹੈ ਅਤੇ ‘ਅਪਰੇਸ਼ਨ ਸਿੰਧੂਰ’ ਅਤਿਵਾਦੀਆਂ ਖ਼ਿਲਾਫ਼ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਫ਼ਲ ਅਪਰੇਸ਼ਨ ਹੈ। ਉਨ੍ਹਾਂ ਕਿਹਾ ਕਿ ਜਿਥੇ ਪਾਕਿਸਤਾਨੀ ਫੌਜ ਨੇ ਸੋਚਿਆ ਤੱਕ ਨਹੀਂ ਸੀ , ਉਥੇ ਅਤਿਵਾਦੀ ਟਿਕਾਣਿਆਂ ਨੂੰ ਸਾਡੀ ਫੌਜ ਨੇ ਮਿੱਟੀ ’ਚ ਰੋਲ ਦਿੱਤਾ। ਉਨ੍ਹਾਂ ਮਹਿਲਾ ਰਾਖਵਾਂਕਰਨ ਬਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਧੀਆਂ ਅਤੇ ਭੈਣਾਂ ਨੂੰ ਹਰ ਪੱਧਰ ਤੇ ਹਰ ਖੇਤਰ ’ਚ ਤਾਕਤਵਰ ਬਣਾ ਰਹੀ ਹੈ।