ਅਫ਼ਰੀਕਾ: ਡੈਮੋਕਰੈਟਿਕ ਅਲਾਇੰਸ ਵੱਲੋਂ ਅਤਿਵਾਦ ਖ਼ਿਲਾਫ਼ ਭਾਰਤ ਨੂੰ ਹਮਾਇਤ
ਪ੍ਰੀਟੋਰੀਆ-ਦੱਖਣੀ ਅਫ਼ਰੀਕਾ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਡੈਮੋਕਰੈਟਿਕ ਅਲਾਇੰਸ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਹਮਦਰਦੀ ਜਤਾਉਂਦਿਆਂ ਭਾਰਤ ਦੀ ਸਰਹੱਦ ਪਾਰ ਅਤਿਵਾਦ ਖ਼ਿਲਾਫ਼ ਜੰਗ ਦੇ ਅਹਿਦ ਨੂੰ ਹਮਾਇਤ ਦਿੱਤੀ। ਸਰਬ-ਪਾਰਟੀ ਵਫ਼ਦ ਨੇ ਕੇਪਟਾਊਨ ’ਚ ਦੱਖਣੀ ਅਫ਼ਰੀਕਾ ਦੇ ਕਈ ਵਰਗਾਂ ਨਾਲ ਗੱਲਬਾਤ ਕੀਤੀ। ਐੱਨਸੀਪੀ (ਐੱਸਪੀ) ਆਗੂ ਸੁਪ੍ਰਿਯਾ ਸੂਲੇ ਦੀ ਅਗਵਾਈ ਹੇਠਲੇ ਸਰਬ-ਪਾਰਟੀ ਵਫ਼ਦ ਨੇ ਦੱਖਣੀ ਅਫ਼ਰੀਕਾ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਅਤਿਵਾਦ ਬਰਦਾਸ਼ਤ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਦਿੱਤੀ। ਭਾਰਤੀ ਸਫ਼ਾਰਤਖਾਨੇ ਨੇ ਦੱਸਿਆ ਕਿ ਵਫ਼ਦ ਨੇ ਡੈਮੋਕਰੈਟਿਕ ਅਲਾਇੰਸ ਦੇ ਆਗੂ ਜੌਹਨ ਸਟੀਨਹੁਈਸੇਨ ਅਤੇ ਪਾਰਟੀ ਦੇ ਹੋਰ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਵਫ਼ਦ ਨੇ ਉਪ ਮੰਤਰੀ ਕੈਨੇਥ ਮੋਰੋਲੌਂਗ ਨਾਲ ਵੀ ਮੁਲਾਕਾਤ ਕੀਤੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਉਹ ਇਸ ਨੂੰ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਦੇ ਧਿਆਨ ’ਚ ਲਿਆਉਣਗੇ।