Punjab

ਵਿਜੀਲੈਂਸ ਨੇ ਅਮਨਦੀਪ ਕੌਰ ਦੀ ਕੋਠੀ ’ਤੇ ਮਾਰਿਆ ਫ਼ੀਤਾ

ਬਠਿੰਡਾ-ਪੰਜਾਬ ਪੁਲੀਸ ਦੀ ਬਰਖ਼ਾਸਤ ਮਹਿਲਾ ਕਰਮਚਾਰੀ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅੱਜ ਸਵੇਰੇ ਹੀ ਡੀਐੱਸਪੀ ਹਰਬੰਸ ਸਿੰਘ ਦੀ ਅਗਵਾਈ ’ਚ ਥਾਣਾ ਕੈਨਾਲ ਕਲੋਨੀ ਦੇ ਐੱਸਐੱਚਓ ਹਰਜੀਵਨ ਸਿੰਘ ਨੇ ਹੋਰ ਅਧਿਕਾਰੀਆਂ ਸਣੇ ਅਮਨਦੀਪ ਕੌਰ ਦੀ ਸਥਾਨਕ ਕੋਠੀ ’ਤੇ ਜਾਇਦਾਦ ਨੂੰ ਜਾਮ ਕਰਨ ਦੇ ਨੋਟਿਸ ਚਿਪਕਾ ਦਿੱਤੇ।

ਇਹ ਕੋਠੀ ਮੁਲਤਾਨੀਆਂ ਰੋਡ ’ਤੇ ਸਥਿਤ ਬਰਾੜ ਗਰੀਨ ਕਲੋਨੀ ’ਚ ਸਥਿਤ ਹੈ। ਇਸ ਕੋਠੀ ਤੋਂ ਇਲਾਵਾ ਥਾਰ ਗੱਡੀ, ਬੁਲੇਟ ਮੋਟਰਸਾਈਕਲ, ਕੀਮਤੀ ਮੋਬਾਈਲ ਫੋਨ, ਘੜੀਆਂ ਦੀ ਖ਼ਰੀਦ-ਵੇਚ ਅਤੇ ਕਰਜ਼ਾ ਲੈਣ ’ਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ। ਇਸੇ ਤਰ੍ਹਾਂ ਉਸ ਦੇ ਬੈਂਕ ਖਾਤਿਆਂ ਨੂੰ ਵੀ ਜਾਮ ਕੀਤਾ ਗਿਆ ਹੈ। ਬਾਅਦ ਦੁਪਹਿਰ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਟੀਮ ਸਰਚ ਵਾਰੰਟ ਲੈ ਕੇ ਅਮਨਦੀਪ ਕੌਰ ਦੀ ਕੋਠੀ ’ਚ ਪਹੁੰਚ ਗਈ ਸੀ। ਟੀਮ ਵੱਲੋਂ ਕੋਠੀ ਦੀ ਪੈਮਾਇਸ਼ ਕਰਨ ਸਣੇ ਉਸ ਦੇ ਅੰਦਰਲੇ ਸਾਜ਼ੋ-ਸਾਮਾਨ ਦਾ ਮੁਲਾਂਕਣ ਕੀਤਾ ਗਿਆ। ਬੀਤੇ ਦਿਨ ਸਰੋਤਾਂ ਤੋਂ ਵੱਧ ਆਮਦਨ ਦੇ ਦੋਸ਼ਾਂ ਹੇਠ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਪਿੰਡ ਬਾਦਲ ਤੋਂ ਗ੍ਰਿਫ਼ਤਾਰ ਕੀਤੀ ਅਮਨਦੀਪ ਕੌਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਪੰਜ-ਰੋਜ਼ਾ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ।