Punjab

ਗੋਇਲ ਵੱਲੋਂ ਕੇਂਦਰੀ ਮੰਤਰੀ ਨਾਲ ਮੀਟਿੰਗ

ਨਵੀਂ ਦਿੱਲੀ-ਪੰਜਾਬ ਦੇ ਖਣਨ, ਭੂ-ਵਿਗਿਆਨ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸੂਬੇ ਅੰਦਰ ਪੋਟਾਸ਼ ਸਬੰਧੀ ਸਰਵੇਖਣ ਦੇ ਕੰਮ ਨੂੰ ਜਲਦ ਮੁਕੰਮਲ ਕਰਨ ਸਬੰਧੀ ਅੱਜ ਕੇਂਦਰੀ ਕੋਲਾ ਤੇ ਖਣਨ ਮੰਤਰੀ ਜੀ. ਕਿਸ਼ਨ ਰੈਡੀ ਨਾਲ ਇਥੋਂ ਦੇ ਸ਼ਾਸਤਰੀ ਭਵਨ ਵਿੱਚ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਗੋਇਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੋਟਾਸ਼ ਦੁਰਲਭ ਖਣਿਜ ਹੈ ਜਿਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਨੂੰ ਇਸ ਨੂੰ ਬਾਹਰੋਂ ਦਰਾਮਦ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਹਿਬ ਅਤੇ ਫਾਜ਼ਿਲਕਾ ਦੇ ਖੇਤਰਾਂ ਵਿਚੋਂ ਇਸ ਖਣਿਜ ਦੇ ਭੰਡਾਰ ਮਿਲੇ ਹਨ। ਉਨ੍ਹਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਸੂਬੇ ਅੰਦਰ ਇਸ ਸਬੰਧੀ ਪੂਰਨ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਜੀਓ ਸਰਵੇਖਣ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ ਦੀ ਜ਼ਰੂਰਤ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਐਕਸ਼ਨ ਪਲਾਨ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ।