Punjab

ਕੌਂਸਲਰ ਕਤਲ ਮਾਮਲਾ: ਪੁਲੀਸ ਵੱਲੋਂ ਚਾਰ ਹਮਲਾਵਰ ਕਾਬੂ

ਅੰਮ੍ਰਿਤਸਰ-ਸ਼੍ੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਨੂੰ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਕਾਬੂ ਕਰ ਲਿਆ ਹੈ ਜਦੋਂਕਿ ਉਸ ਦੇ ਤਿੰਨ ਹੋਰ ਸਾਥੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਜ਼ਖ਼ਮੀ ਹਮਲਾਵਰ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਉਸ ਨੂੰ ਇਲਾਜ ਵਾਸਤੇ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਮੁਲਜ਼ਮਾਂ ਵਿੱਚ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਪਿੰਡ ਨੰਗਲ ਗੁਰੂ, ਗੁਰਪ੍ਰੀਤ ਸਿੰਘ ਉਰਫ ਡੌਨ ਵਾਸੀ ਨਵਾਂ ਕੋਟ ਜੰਡਿਆਲਾ ਅਤੇ ਅਮਿਤ ਵਾਸੀ ਘੋੜੇ ਸ਼ਾਹ ਜੰਡਿਆਲਾ ਸ਼ਾਮਲ ਹਨ। ਇਹ ਸਾਰੇ ਕਥਿਤ ਤੌਰ ’ਤੇ ਦੁਬਈ ਰਹਿੰਦੇ ਗੈਂਗਸਟਰ ਦੇ ਸਾਥੀ ਹਨ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਸੀ ਕਿ ਪੁਲੀਸ ਨੇ ਘਟਨਾ ਦੇ ਅੱਠ ਘੰਟਿਆਂ ਵਿੱਚ ਹੀ ਹਮਲਾਵਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਨੇ ਪਿੱਛਾ ਕਰ ਰਹੀ ਪੁਲੀਸ ’ਤੇ ਗੋਲੀ ਚਲਾ ਦਿੱਤੀ। ਬਚਾਅ ਵਜੋਂ ਥਾਣਾ ਛੇਹਰਟਾ ਦੇ ਐੱਸਐੱਚਓ ਨੇ ਵੀ ਗੋਲੀ ਚਲਾਈ ਜਿਸ ਕਾਰਨ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਪਿਸਤੌਲ ਬਰਾਮਦ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਪੁਲੀਸ ਨੇ ਜੋਬਨਜੀਤ ਸਿੰਘ ਨੂੰ ਗੋਇੰਦਵਾਲ ਦੇ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਗੁਰਪ੍ਰੀਤ ਡੌਨ ਅਤੇ ਅਮਿਤ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਕਮਰੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕੋਲੋਂ ਕੀਤੀ ਪੁੱਛ-ਪੜਤਾਲ ਮਗਰੋਂ ਗੁਰਪ੍ਰੀਤ ਉਰਫ ਗੋਪੀ ਨੂੰ ਪੁਲੀਸ ਮੁਕਾਬਲੇ ਮਗਰੋਂ ਕਾਬੂ ਕੀਤਾ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਉਸ ਦੇ ਕੋਲੋਂ ਕੌਂਸਲਰ ਹਰਜਿੰਦਰ ਸਿੰਘ ਨੂੰ ਮਾਰਨ ਲਈ ਵਰਤੀ ਗਈ ਪਿਸਤੌਲ ਵੀ ਬਰਾਮਦ ਕੀਤੀ ਹੈ ਤੇ ਉਸ ਦਾ ਮੋਟਰਸਾਈਕਲ ਜ਼ਬਤ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਪਿਸਤੌਲ, ਮੋਟਰਸਾਈਕਲ ਅਤੇ ਇੱਕ ਸਕੂਟਰ ਜ਼ਬਤ ਕੀਤਾ ਹੈ।