ਸੰਵਿਧਾਨ ਬਚਾਓ ਰੈਲੀ: ਭਾਜਪਾ ਭਾਰਤੀ ਸੰਵਿਧਾਨ ਦੀ ਆਤਮਾ ਨੂੰ ਖਤਮ ਕਰਨ ਲੱਗੀ: ਰਾਜਾ ਵੜਿੰਗ
ਮਾਲੇਰਕੋਟਲਾ-ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਅੰਦਰ ਸ਼ੁਰੂ ਕੀਤੀ ਸੰਵਿਧਾਨ ਬਚਾਓ ਜਾਗਰੂਕਤਾ ਮੁਹਿੰਮ ਤਹਿਤ ਅੱਜ ਸਥਾਨਕ ਟਰਨਿੰਗ ਪੁਆਇੰਟ ਪੈਲੇਸ ਵਿੱਚ ਜੁੜੇ ਵਿਸ਼ਾਲ ਇਕੱਠ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਭਗਵੇਂ ਏਜੰਡੇ ਨੂੰ ਮੁਲਕ ਭਰ ਅੰਦਰ ਲਾਗੂ ਕਰ ਰਹੀ ਕੇਂਦਰ ਦੀ ਭਾਜਪਾ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੀ ਲੋਕਤੰਤਰੀ ਆਤਮਾ ਨੂੰ ਖਤਮ ਕਰ ਰਹੀ ਹੈ, ਜਿਸ ਕਰਕੇ ਭਾਰਤੀ ਲੋਕਤੰਤਰ ਖਤਰੇ ਵਿੱਚ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਆਪਣੀਆਂ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਉੱਥੇ ਭਗਵੰਤ ਮਾਨ ਆਪਣੇ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਵਿਜੀਲੈਂਸ ਤੇ ਪੁਲੀਸ ਦੀ ਖੁੱਲ੍ਹ ਕੇ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਵਕਫ਼ ਸੋਧ ਕਾਨੂੰਨ ਦੀ ਨਿਖੇਧੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਅਜਿਹੇ ਕਾਨੂੰਨਾਂ ਨੂੰ ਮੁੜ ਸੋਧ ਦਿੱਤਾ ਜਾਵੇਗਾ। ਉਨ੍ਹਾਂ ਭਗਵੰਤ ਮਾਨ ਸਰਕਾਰ ਉਪਰ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਤਿੰਨ ਸਾਲ ’ਚ ਸਵਾ ਚਾਰ ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਹੈ, ਜਦ ਕਿ ਸਰਕਾਰ ਨੇ 2500 ਰੁਪਏ ਪੈਨਸ਼ਨ ਅਤੇ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨੇ ਦਾ ਵਾਅਦਾ ਹਾਲੇ ਪੂਰਾ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਸਰਕਾਰ ਨੂੰ ਦੋਵੇਂ ਵਾਅਦੇ ਪੂਰੇ ਕਰਨੇ ਪੈ ਗਏ ਤਾਂ ਅਗਲੇ ਦੋ ਸਾਲ ’ਚ ਕਰਜ਼ਾ ਵਧ ਕੇ ਸਾਢੇ ਪੰਜ ਤੋਂ ਪੌਣੇ ਛੇ ਲੱਖ ਕਰੋੜ ਰੁਪਏ ਹੋ ਜਾਵੇਗਾ ਅਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕੇਗਾ। ਉਨ੍ਹਾਂ ਬੀਬੀਐੱਮਬੀ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਸ਼ਰ ਹੋਈ ਫੋਟੋ ’ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ,‘‘ਲੱਗਦਾ ਹੈ ਮੁੱਖ ਮੰਤਰੀ ਮਾਨ, ਪ੍ਰਧਾਨ ਮੰਤਰੀ ਕੋਲੋਂ ਬੀਬੀਐੱਮਬੀ ਦਾ ਮੁਕੰਮਲ ਹੱਕ ਪੰਜਾਬ ਲਈ ਲੈ ਆਏ ਹੋਣਗੇ।’’ ਰਾਜਾ ਵੜਿੰਗ ਨੇ ਨਸ਼ਿਆਂ ਦੇ ਮੁੱਦੇ ’ਤੇ ਵੀ ‘ਆਪ’ ’ਤੇ ਤਿੱਖੇ ਨਿਸ਼ਾਨੇ ਸੇਧੇ।
ਨਾਭਾ ਰੈਲੀ ਦੌਰਾਨ ਵੜਿੰਗ ਵੱਲੋਂ ਅਗਰਵਾਲ ਸਮਾਜ ਦੀ ਤਾਰੀਫ਼
ਨਾਭਾ (ਮੋਹਿਤ ਸਿੰਗਲਾ): ਸੰਵਿਧਾਨ ਬਚਾਓ ਯਾਤਰਾ ਦੇ ਤਹਿਤ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਇਥੇ ਇਕ ਪੈਲੇਸ ’ਚ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸ ਲੀਡਰਸ਼ਿਪ ਨੇ ਆਰਐੱਸਐੱਸ ਅਤੇ ਕਾਂਗਰਸ ਦੇ ਇਤਿਹਾਸ ਦੇ ਕੁਝ ਚੋਣਵੇਂ ਪੰਨੇ ਖੋਲ੍ਹੇ। ਰਾਜਾ ਵੜਿੰਗ ਨੇ ਨਾਭਾ ਦੇ ਅਗਰਵਾਲ ਸਮਾਜ ਦੀ ਤਾਰੀਫ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਅਤੇ ਸੁਪਰ ਮੁੱਖ ਮੰਤਰੀ ਅੱਜ ਦੇ ਅਗਰਵਾਲ ਸਭਾ ਦੇ ਪ੍ਰੋਗਰਾਮ ਵਿੱਚ ਖਾਲੀ ਕੁਰਸੀਆਂ ਦੇਖ ਕੇ ਜ਼ਮੀਨ ’ਤੇ ਲੋਕਾਂ ਦੀ ਆਵਾਜ਼ ਸੁਣਨ ਦੀ ਹਿੰਮਤ ਕਰਨ। ਇਸ ਮੌਕੇ ਡਾ. ਗਾਂਧੀ ਨੇ ਵੀ ਭਾਜਪਾ ਅਤੇ ‘ਆਪ’ ਉੱਪਰ ਲੋਕਤੰਤਰਿਕ ਅਦਾਰਿਆਂ ’ਤੇ ਹਮਲੇ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਦੋਵਾਂ ਦੇ ਝੂਠੇ ਕੇਸ ਅਦਾਲਤਾਂ ਵਿੱਚ ਟਿਕ ਨਹੀਂ ਰਹੇ ਤੇ ਭਾਜਪਾ ਨੇ ਤਾਂ ਨਿਆਂਪਾਲਕਾ ਉੱਪਰ ਵੀ ਹਮਲਾਵਰ ਰੁਖ਼ ਅਪਣਾਇਆ ਹੋਇਆ ਹੈ। ਇਸ ਮੌਕੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ ਅਤੇ ਹੋਰ ਸਥਾਨਕ ਕਾਂਗਰਸ ਲੀਡਰਾਂ ਨੇ ਵੀ ਸੰਬੋਧਨ ਕੀਤਾ।
ਰਜ਼ੀਆ ਸੁਲਤਾਨਾ ਨੇ ਹਲਕਾ ਮਾਲੇਰਕੋਟਲਾ ਦੀ ਕਮਾਨ ਬੇਟੀ ਨਿਸ਼ਾਂਤ ਅਖਤਰ ਹਵਾਲੇ ਕੀਤੀ
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅੰਦਰ ਕਾਂਗਰਸ ਪਾਰਟੀ ਦੀ ਵਾਗਡੋਰ ਆਪਣੀ ਬੇਟੀ ਬੀਬਾ ਨਿਸ਼ਾਂਤ ਅਖਤਰ ਹਵਾਲੇ ਕਰ ਦਿੱਤੀ। ਬੀਬੀ ਰਜ਼ੀਆ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਕੋ ਇੰਚਾਰਜ ਰਵਿੰਦਰ ਡਾਲਵੀ ਦੀ ਮੌਜੂਦਗੀ ਵਿੱਚ ਬੇਟੀ ਨਿਸ਼ਾਂਤ ਅਖਤਰ ਨੂੰ ਆਪਣੀ ਸਿਆਸੀ ਜਾਨਸੀਨ ਐਲਾਨਿਆ।