National

ਛੱਤੀਸਗੜ੍ਹ ਵਿਚ ਮੁਕਾਬਲੇ ਦੌਰਾਨ 26 ਨਕਸਲੀ ਹਲਾਕ

ਨਰਾਇਣਪੁਰ-ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 26 ਤੋਂ ਵੱਧ ਨਕਸਲੀ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਵਿਚ ਪੁਲੀਸ ਦਾ ਇਕ ਸਹਾਇਕ ਤੇ ਪੁਲੀਸ ਜਵਾਨ ਵੀ ਜ਼ਖ਼ਮੀ ਹੋ ਗਿਆ।

ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਕਿਹਾ ਕਿ ਮੁਕਾਬਲਾ ਅਬੂਜਮਾਤ ਤੇ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਦਰਮਿਆਨ ਸੰਘਣੇ ਜੰਗਲਾਂ ਵਿਚ ਉਦੋਂ ਹੋਇਆ ਜਦੋਂ ਚਾਰ ਜ਼ਿਲ੍ਹਿਆਂ ਦੀ ਪੁਲੀਸ ਦੀ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੀ ਸਾਂਝੀ ਟੀਮ ਨਕਸਲ ਵਿਰੋਧੀ ਅਪਰੇਸ਼ਨ ’ਤੇ ਸੀ।

ਸ਼ਰਮਾ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਕਿਹਾ, ‘‘ਮੁਕਾਬਲੇ ਦੌਰਾਨ 26 ਤੋਂ ਵੱਧ ਨਕਸਲੀ, ਜਿਸ ਵਿਚ ਸੰਭਾਵੀ ਤੌਰ ’ਤੇ ਕੁਝ ਸਿਖਰਲੇ ਨਕਸਲੀ ਆਗੂ ਵੀ ਸਨ, ਮਾਰੇ ਗਏ। ਪੁਲੀਸ ਦਾ ਇਕ ਸਹਾਇਕ ਤੇ ਪੁਲੀਸ ਦਾ ਜਵਾਨ ਜ਼ਖ਼ਮੀ  ਹੋ ਗਏ।’’ ਉਨ੍ਹਾਂ ਕਿਹਾ ਕਿ ਨਕਸਲੀਆਂ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਹੈ।