Punjab

ਟੀਚਾ ਸਰਕਾਰ ਬਣਾਉਣ ਦਾ ਪਰ ਚੋਟੀ ਦੇ ਕਾਂਗਰਸੀ ਆਗੂਆਂ ’ਚ ਨਹੀਂ ਦਿਸ ਰਹੀ ਏਕਤਾ

ਚੰਡੀਗੜ੍ਹ – ਪੰਜਾਬ ਕਾਂਗਰਸ ‘ਜੁੜੇਗਾ ਬਲਾਕ, ਜਿੱਤੇਗਾ ਪੰਜਾਬ’ ਮੁਹਿੰਮ ਚਲਾ ਰਹੀ ਹੈ। ਪਾਰਟੀ ਬਲਾਕ ਪੱਧਰ ਦੇ ਵਰਕਰਾਂ ਨੂੰ ਸਰਗਰਮ ਕਰਨ ਅਤੇ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂਆਂ ਵਿੱਚ ਏਕਤਾ ਨਜ਼ਰ ਨਹੀਂ ਆ ਰਹੀ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਚਕਾਰ ਹਊਮੈਂ ਦੀ ਲੜਾਈ ਸ਼ੁਰੂ ਹੋ ਗਈ ਹੈ ਜਦੋਂ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ, ਦਾ ਰਾਜਾ ਵੜਿੰਗ ਨਾਲ ਪੁਰਾਣਾ ਟਕਰਾਅ ਚੱਲ ਰਿਹਾ ਹੈ। ਸ਼ਨਿਚਰਵਾਰ ਦੀ ਘਟਨਾ ਨੇ ਕਾਂਗਰਸ ਵਿੱਚ ਏਕਤਾ ਦੇ ਯਤਨਾਂ ਨੂੰ ਬੇਨਕਾਬ ਕਰ ਦਿੱਤਾ। ਜਦੋਂ ਕਾਂਗਰਸ ਨੇ ਸੁਲਤਾਨਪੁਰ ਲੋਧੀ ਵਿੱਚ ਬਦਲਾਅ ਰੈਲੀ ਕੀਤੀ। ਕਾਂਗਰਸ ਦੀ ਰੈਲੀ ਦੇ ਸਮਾਨਾਂਤਰ, ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਅਤੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੇ ਵੀ ਰੈਲੀ ਕੀਤੀ ਜਦੋਂ ਕਿ ਰੈਲੀ ਤੋਂ ਬਾਅਦ ਰਾਜਾ ਵੜਿੰਗ ਆਸ਼ੂ ਨੂੰ ਮਿਲਣ ਲਈ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪੁੱਜੇ। ਆਸ਼ੂ ਘਰ ਨਹੀਂ ਸੀ ਅਤੇ ਇੰਤਜ਼ਾਰ ਕਰਨ ਤੋਂ ਬਾਅਦ ਰਾਜਾ ਵੜਿੰਗ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਦੀ ਏਕਤਾ ਟੁੱਟੀ ਹੋਵੇ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ “ਠੇਕੇਦਾਰ” ਕਿਹਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਮੁੱਦੇ ’ਤੇ ਬਾਜਵਾ ਨੂੰ ਘੇਰ ਲਿਆ। ਉਸ ਸਮੇਂ ਬਾਜਵਾ ਇਕੱਲੇ ਰਿਹ ਗਏ ਸਨ। ਕਾਂਗਰਸੀ ਵਿਧਾਇਕਾਂ ਨੇ ਇੱਕ ਸਮੇਂ ਬਾਜਵਾ ਦੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਹਾਲਾਂਕਿ ਪਾਰਟੀ ਨੇ ਬਾਅਦ ਵਿੱਚ ਦੋ ਵਾਰ ਵਾਕਆਊਟ ਕਰਕੇ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਵਿਧਾਇਕ ‘ਠੇਕੇਦਾਰ’ ਦੇ ਦੋਸ਼ ’ਤੇ ਬਾਜਵਾ ਦੇ ਨਾਲ ਖੜ੍ਹਾ ਨਹੀਂ ਦੇਖਿਆ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸੀਨੀਅਰ ਕਾਂਗਰਸੀ ਆਗੂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕੋਈ ਸਬਕ ਨਹੀਂ ਸਿੱਖ ਰਹੇ ਜਾਪਦੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤਤਕਾਲੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਅੰਦਰੂਨੀ ਲੜਾਈ ਕਾਰਨ ਪਾਰਟੀ ਸਿਰਫ਼ 18 ਵਿਧਾਨ ਸਭਾ ਸੀਟਾਂ ਤੱਕ ਸਿਮਟ ਗਈ ਸੀ। ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਆਪਣੀਆਂ ਸੀਟਾਂ ਨਹੀਂ ਬਚਾਅ ਸਕੇ। ਦੋ ਹਲਕਿਆਂ ਤੋਂ ਚੋਣ ਲੜਨ ਵਾਲੇ ਚੰਨੀ ਨੂੰ ਦੋਵਾਂ ਸੀਟਾਂ ’ਤੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ, ‘ਗੱਲ ਵਰਕਰਾਂ ਨੂੰ ਜੋੜਨ ਦੀ ਹੈ, ਵਰਕਰ ਤਾਂ ਜੁੜ ਜਾਵੇਗਾ, ਜੋੜਨਾ ਤਾਂ ਸਾਨੂੰ ਆਪਣੇ ਨੇਤਾਵਾਂ ਨੂੰ ਹੈ। ਨੇਤਾਵਾਂ ਦੀ ਖਿੱਚੋਤਾਣ ਦੇ ਕਾਰਨ ਹੀ ਅੰਮਿ੍ਤਸਰ ਅਤੇ ਫਗਵਾੜਾ ’ਚ ਕਾਂਗਰਸ ਆਪਣੇ ਮੇਅਰ ਨਹੀਂ ਬਣਾ ਸਕੀ।’ਪੰਜਾਬ ਕਾਂਗਰਸ ਵਿਚ ਇਸ ਟਕਰਾਅ ਨੂੰ ਦੇਖਦੇ ਹੋਏ ਪਾਰਟੀ ਨੇ ਆਪਣੇ ਸੀਨੀਅਰ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਸੂਬਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਸੀ। ਭਾਵੇਂ ਬਘੇਲ ਨੇ ਦੋ ਵਾਰ ਮੈਰਾਥਨ ਮੀਟਿੰਗਾਂ ਕੀਤੀਆਂ ਹੋਣ ਪਰ ਪਾਰਟੀ ਆਗੂਆਂ ਵਿਚਕਾਰ ਦੂਰੀ ਘੱਟ ਨਹੀਂ ਹੋ ਰਹੀ। ਹੁਣ ਦੇਖਣਾ ਇਹ ਹੈ ਕਿ ਬਘੇਲ ਪਾਰਟੀ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਉਂਦੇ ਹਨ।