National

ਨਿਊਜ਼ੀਲੈਂਡ ਨੇ ਸੁਰੱਖਿਆ ਕੌਂਸਲ ’ਚ ਭਾਰਤ ਦੇ ਦਾਅਵੇ ਦਾ ਸਮਰਥਨ ਕੀਤਾ: ਲਕਸਨ

ਨਵੀਂ ਦਿੱਲੀ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ ਕਿਉਂਕਿ ਇਸ ਦਾ ਆਕਾਰ ਅਤੇ ਭੂ-ਰਣਨੀਤਕ ਤਾਕਤ ਤੇਜ਼ੀ ਨਾਲ ਬਹੁਧਰੁਵੀ ਹੁੰਦੀ ਜਾ ਰਹੀ ਦੁਨੀਆ ਵਿੱਚ ਅਹਿਮ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਸਬੰਧੀ ਨਵੀਂ ਦਿੱਲੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ।

ਰਾਇਸੀਨਾ ਡਾਇਲਾਗ ਵਿੱਚ ਆਪਣੇ ਸੰਬੋਧਨ ਦੌਰਾਨ ਲਕਸਨ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਨਿਯਮ ਆਧਾਰਿਤ ਵਿਵਸਥਾ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ‘ਜਿਸ ਦੀ ਲਾਠੀ ਉਸੇ ਦੀ ਮੱਝ’ ਵਾਲਾ ਦ੍ਰਿਸ਼ਟੀਕੋਣ ਨਾਮਨਜ਼ੂਰ ਹੈ। ਇਹ ਟਿੱਪਣੀ ਖੇਤਰ ਵਿੱਚ ਚੀਨ ਦੀ ਵਧਦੀ ਤਾਕਤ ਦਰਮਿਆਨ ਆਈ ਹੈ।

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਆਲਮੀ ਪੱਧਰ ’ਤੇ ਅਜਿਹੀ ਕੇਂਦਰੀ ਭੂਮਿਕਾ ਨਿਭਾਉਂਦੇ ਹਨ ਅਤੇ ਨਿਊਜ਼ੀਲੈਂਡ, ਨਵੀਂ ਦਿੱਲੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸਥਾਈ ਸੀਟ ਦਿੱਤੇ ਜਾਣ ਦਾ ਸਮਰਥਨ ਕਰਦਾ ਹੈ। ਆਪਣੇ ਸੰਬੋਧਨ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਮੁੱਖ ਤੌਰ ’ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਆਰਥਿਕ ਤੇ ਸਿਆਸੀ ਪਹਿਲੂਆਂ ਬਾਰੇ ਚਰਚਾ ਕੀਤੀ ਅਤੇ ਖਿੱਤੇ ਵਿੱਚ ਵਧਦੀ ਸ਼ਕਤੀ ਸਮਰੱਥਾ ਦਾ ਵਿਸ਼ਲੇਸ਼ਣ ਕੀਤਾ। ਲਕਸਨ ਨੇ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰਾਇਸੀਨਾ ਗੱਲਬਾਤ ਦਾ ਉਦਘਾਟਨ ਕਰਨ ਤੋਂ ਬਾਅਦ ਕੀਤੀਆਂ। ਲਕਸਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਵਰਗੇ ਹਮਖਿਆਲੀ ਦੇਸ਼ਾਂ ਨਾਲ ਰੱਖਿਆ ਸਹਿਯੋਗ ਵਧਾਏਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਕ੍ਰਿਸਟੋਫਰ ਲਕਸਨ ਨੇ ਅੱਜ ਕੌਮੀ ਰਾਜਧਾਨੀ ਵਿੱਚ ਸਥਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕਿਆ। ਮੋਦੀ ਤੇ ਲਕਸਨ ਦੋਹਾਂ ਆਗੂਆਂ ਨੇ ਸਿਰ ’ਤੇ ਪੀਲੇ ਪਟਕੇ ਪਹਿਨੇ ਹੋਏ ਸਨ। ਦੋਵੇਂ ਆਗੂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ।