Global

ਅਮਰੀਕਾ ਵੱਲੋਂ ਯਮਨ ’ਚ ਹਵਾਈ ਹਮਲੇ, 31 ਹੂਤੀ ਬਾਗੀ ਹਲਾਕ

ਵੈਸਟ ਪਾਮ ਬੀਚ (ਅਮਰੀਕਾ)-ਯਮਨ ’ਤੇ ਅਮਰੀਕੀ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹੂਤੀ ਬਾਗੀਆਂ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਤਰਜਮਾਨ ਅਨੀਸ ਅਲ-ਅਸਬਾਹੀ ਨੇ ਅੱਜ ਕਿਹਾ ਕਿ ਰਾਤ ਨੂੰ ਹੋਏ ਹਮਲਿਆਂ ਵਿੱਚ 101 ਵਿਅਕਤੀ ਜ਼ਖਮੀ ਵੀ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਯਮਨ ਵਿੱਚ ਹੂਤੀ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ’ਤੇ ਲੜੀਵਾਰ ਹਵਾਈ ਹਮਲੇ ਕਰਨ ਦੇ ਹੁਕਮ ਦਿੱਤੇ ਸਨ। ਟਰੰਪ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਰਾਨ ਹਮਾਇਤੀ ਹੂਤੀ ਬਾਗ਼ੀ ਅਹਿਮ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਮਾਲਵਾਹਕ ਜਹਾਜ਼ਾਂ ’ਤੇ ਆਪਣੇ ਹਮਲੇ ਬੰਦ ਨਹੀਂ ਕਰ ਦਿੰਦੇ, ਉਦੋਂ ਤੱਕ ਉਹ ‘ਪੂਰੀ ਤਾਕਤ ਨਾਲ’ ਹਮਲੇ ਕਰਦੇ ਰਹਿਣਗੇ

ਹੂਤੀ ਬਾਗ਼ੀਆਂ ਨੇ ਪਹਿਲਾਂ ਕਿਹਾ ਸੀ ਕਿ ਇਨ੍ਹਾਂ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 18 ਨਾਗਰਿਕ ਮਾਰੇ ਗਏ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਦੇ ਬਹਾਦਰ ਫੌਜੀ ਅਮਰੀਕੀ ਜਲ ਮਾਰਗਾਂ ਤੇ ਜਲ ਸੈਨਾ ਦੀ ਸੰਪਤੀ ਦੀ ਰਾਖੀ ਲਈ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕਰ ਰਹੇ ਹਨ। ਕੋਈ ਵੀ ਦਹਿਸ਼ਤਵਾਦੀ ਤਾਕਤ ਅਮਰੀਕੀ ਵਪਾਰਕ ਤੇ ਜਲ ਸੈਨਾ ਦੇ ਬੇੜਿਆਂ ਨੂੰ ਜਲਮਾਰਗਾਂ ’ਤੇ ਆਉਣ-ਜਾਣ ਤੋਂ ਨਹੀਂ ਰੋਕੇਗੀ। ਅਮਰੀਕੀ ਸਦਰ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਹੂਤੀ ਬਾਗ਼ੀਆਂ ਦੀ ਹਮਾਇਤ ਬੰਦ ਕਰੇ, ਨਹੀਂ ਤਾਂ ਕਾਰਵਾਈ ਲਈ ਉਸ ‘ਪੂਰੀ ਤਰ੍ਹਾਂ ਨਾਲ ਜਵਾਬਦੇਹ’ ਠਹਿਰਾਇਆ ਜਾਵੇਗਾ।

ਹੂਤੀ ਬਾਗ਼ੀਆਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਸਨਾ ਤੇ ਸਾਊਦੀ ਅਰਬ ਦੀ ਸਰਹੱਦ ’ਤੇ ਹਵਾਈ ਹਮਲਿਆਂ ਦੀ ਜਾਣਕਾਰੀ ਦਿੱਤੀ ਤੇ ਐਤਵਾਰ ਤੜਕੇ ਹੋਦੀਦਾ, ਬਾਇਦਾ ਤੇ ਮਾਰਿਬ ’ਤੇ ਹਵਾਈ ਹਮਲੇ ਕੀਤੇ ਗਏ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਹੂਤੀ ਟਿਕਾਣਿਆਂ ’ਤੇ ਹਵਾਈ ਹਮਲਿਆਂ ਦੀ ਸ਼ੁਰੂਆਤ ਹੈ ਤੇ ਹੋਰ ਵੀ ਹਮਲੇ ਕੀਤੇ ਜਾਣਗੇ। ਹੂਤੀ ਬਾਗ਼ੀਆਂ ਨੇ ਅਮਰੀਕਾ ਖਿਲਾਫ਼ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ।