National

ਕੰਨੜ ਅਦਾਕਾਰਾ ਤੋਂ 12.56 ਕਰੋੜ ਰੁਪਏ ਦਾ ਸੋਨਾ ਜ਼ਬਤ

ਬੰਗਲੂਰੂ-ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਥੇ ਕੇਮਪੇਗੌੜਾ ਕੋਮਾਂਤਰੀ ਹਵਾਈ ਅੱਡੇ ’ਤੇ ਕੰਨੜ ਅਦਾਕਾਰਾ ਰਣਿਆ ਰਾਓ ਤੋਂ ਜ਼ਬਤ ਕੀਤੀਆਂ ਸੋਨੇ ਦੀਆਂ ਬਾਰਾਂ ਦੀ ਕੀਮਤ 12.56 ਕਰੋੜ ਰੁਪਏ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਰਾਓ ਸੀਨੀਅਰ ਆਈਪੀਐਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ, ਜੋ ਵਰਤਮਾਨ ਵਿੱਚ ਕਰਨਾਟਕ ਰਾਜ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ-ਜਨਰਲ ਵਜੋਂ ਸੇਵਾ ਨਿਭਾਅ ਰਹੇ ਹਨ।

ਇਸ ਮਾਮਲੇ ਵਿੱਚ ਕੁੱਲ ਜ਼ਬਤੀ 17.29 ਕਰੋੜ ਰੁਪਏ ਸੀ, ਜਿਸ ਵਿੱਚ 4.73 ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਸੀ। ਅਧਿਕਾਰੀਆਂ ਦੇ ਅਨੁਸਾਰ 14.2 ਕਿਲੋਗ੍ਰਾਮ ਸੋਨਾ ਹਾਲ ਹੀ ਦੇ ਸਮੇਂ ਵਿੱਚ ਬੰਗਲੂਰੂ ਹਵਾਈ ਅੱਡੇ ਤੋਂ ਕੀਤੀ ਗਈ ਸਭ ਤੋਂ ਵੱਡੇ ਜ਼ਬਤੀ ਵਿੱਚੋਂ ਇੱਕ ਹੈ।

ਵਿੱਤ ਮੰਤਰਾਲੇ ਅਨੁਸਾਰ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਡੀਆਰਆਈ ਅਧਿਕਾਰੀਆਂ ਨੇ ਲਗਭਗ 33 ਸਾਲ ਦੀ ਉਮਰ ਦੀ ਇੱਕ ਭਾਰਤੀ ਮਹਿਲਾ ਯਾਤਰੀ ਨੂੰ ਰੋਕਿਆ, ਜੋ 3 ਮਾਰਚ ਨੂੰ ਅਮੀਰਾਤ ਦੀ ਉਡਾਣ ਰਾਹੀਂ ਦੁਬਈ ਤੋਂ ਬੈਂਗਲੁਰੂ ਪਹੁੰਚੀ ਸੀ।