ਕੇਵਿਨ ਪੀਟਰਸਨ ਦਿੱਲੀ ਕੈਪੀਟਲਜ਼ ਨਾਲ ਜੁੜੇ
ਨਵੀਂ ਦਿੱਲੀ-ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੂੰ ਆਈਪੀਐਲ ਦੇ ਆਗਾਮੀ ਸੈਸ਼ਨ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦਾ ਮਾਰਗ ਦਰਸ਼ਕ ਨਿਯੁਕਤ ਕੀਤਾ ਗਿਆ ਹੈ। ਇਸ 44 ਸਾਲਾ ਖਿਡਾਰੀ ਨੇ 2014 ਵਿੱਚ ਇਸ ਟੀਮ ਦੀ ਕਪਤਾਨੀ ਕੀਤੀ ਸੀ। ਉਹ ਪਹਿਲੀ ਵਾਰ ਕੋਚਿੰਗ ਨਾਲ ਸਬੰਧਤ ਭੂਮਿਕਾ ਵਿਚ ਨਜ਼ਰ ਆਉਣਗੇ। ਪੀਟਰਸਨ ਇਸ ਲੀਗ ਵਿਚ ਸਾਲ 2009 ਤੋਂ 2016 ਤੱਕ ਖੇਡੇ ਸਨ।
ਪੀਟਰਸਨ ਨੇ ਐਕਸ ’ਤੇ ਲਿਖਿਆ, ‘ਮੈਂ ਆਪਣੇ ਘਰ ਦਿੱਲੀ ਆਉਣ ਲਈ ਬਹੁਤ ਉਤਸ਼ਾਹਿਤ ਹਾਂ! ਮੇਰੇ ਕੋਲ ਦਿੱਲੀ ਨਾਲ ਆਪਣੇ ਸਮੇਂ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਹਨ। ਮੈਂ ਦਿੱਲੀ ਸ਼ਹਿਰ ਨੂੰ ਪਿਆਰ ਕਰਦਾ ਹਾਂ, ਮੈਂ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਇਸ ਸਾਲ ਦਾ ਖਿਤਾਬ ਜਿੱਤਣ ਲਈ ਪੂਰੀ ਵਾਹ ਲਾਵਾਂਗਾ।’ ਜ਼ਿਕਰਯੋਗ ਹੈ ਕਿ ਪੀਟਰਸਨ ਨੂੰ ਦੋ ਸੌ ਟੀ-20 ਮੈਚ ਖੇਡਣ ਦਾ ਤਜਰਬਾ ਹੈ, ਉਸ ਨੇ ਇਸ ਵੰਨਗੀ ਵਿਚ 5,695 ਦੌੜਾਂ ਬਣਾਈਆਂ ਸਨ।