Global

ਗਾਜ਼ਾ ਗਲਿਆਰੇ ਤੋਂ ਫੌਜ ਪਿੱਛੇ ਨਹੀਂ ਹਟਾਵਾਂਗੇ: ਇਜ਼ਰਾਈਲ

ਖਾਨ ਯੂਨਿਸ-ਇਜ਼ਰਾਈਲ ਨੇ ਅੱਜ ਕਿਹਾ ਕਿ ਜੰਗਬੰਦੀ ਦੇ ਸੱਦੇ ਅਨੁਸਾਰ ਉਹ ਗਾਜ਼ਾ ਪੱਟੀ ’ਚ ਇੱਕ ਰਣਨੀਤਕ ਗਲਿਆਰੇ ਤੋਂ ਫੌਜ ਪਿੱਛੇ ਨਹੀਂ ਹਟਾਏਗਾ। ਇਜ਼ਰਾਈਲ ਦੇ ਇਸ ਐਲਾਨ ਨਾਲ ਉਸ ਅਤੇ ਹਮਾਸ ਤੇ ਮੁੱਖ ਸਾਲਸ ਮਿਸਰ ਵਿਚਾਲੇ ਤਣਾਅ ਵਧ ਸਕਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮਿਸਰ ਦੀ ਹੱਦ ਨਾਲ ਲੱਗਦੇ ਗਾਜ਼ਾ ਵਾਲੇ ਪਾਸੇ ਅਖੌਤੀ ਫਿਲਾਡੇਲਫੀ ਗਲਿਆਰੇ ’ਚ ਇਜ਼ਰਾਇਲੀ ਫੌਜਾਂ ਦੀ ਤਾਇਨਾਤੀ ਜ਼ਰੂਰੀ ਹੈ ਤਾਂ ਜੋ ਹਥਿਆਰਾਂ ਦੀ ਤਸਕਰੀ ਰੋਕੀ ਜਾ ਸਕੇ। ਹਮਾਸ ਵੱਲੋਂ 600 ਫਲਸਤੀਨੀ ਕੈਦੀਆਂ ਬਦਲੇ ਚਾਰ ਬੰਦੀਆਂ ਦੀਆਂ ਲਾਸ਼ਾਂ ਸੌਂਪੇ ਜਾਣ ਤੋਂ ਕੁਝ ਘੰਟੇ ਬਾਅਦ ਅਧਿਕਾਰੀ ਨੇ ਇਹ ਗੱਲ ਕਹੀ। ਇਹ ਜੰਗਬੰਦੀ ਦੇ ਪਹਿਲੇ ਗੇੜ ਦੀ ਆਖਰੀ ਯੋਜਨਾਬੱਧ ਅਦਲਾ-ਬਦਲੀ ਹੈ ਜੋ ਇਸ ਹਫ਼ਤੇ ਦੇ ਅੰਤ ’ਚ ਖਤਮ ਹੋ ਰਹੀ ਹੈ। ਦੂਜੇ ਗੇੜ ਦੀ ਗੱਲਬਾਤ, ਮੁਸ਼ਕਲ ਪੜਾਅ ਹੋਵੇਗੀ ਜੋ ਅਜੇ ਸ਼ੁਰੂ ਹੋਣੀ ਹੈ। ਇਜ਼ਰਾਈਲ ਨੇ ਪਹਿਲੇ ਗੇੜ ਦੇ ਆਖਰੀ ਦਿਨ ਸ਼ਨਿਚਰਵਾਰ ਨੂੰ ਫਿਲਾਡੇਲਫੀ ਗਲਿਆਰੇ ਤੋਂ ਪਿੱਛੇ ਹਟਣਾ ਸ਼ੁਰੂ ਕਰਨਾ ਸੀ ਅਤੇ ਇਸ ਨੂੰ ਅੱਠ ਦਿਨ ਅੰਦਰ ਮੁਕੰਮਲ ਕਰਨਾ ਸੀ। ਬਹੁਤ ਕੁਝ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੱਧ-ਪੂਰਬੀ ਦੂਤ ਸਟੀਵ ਵਿਟਕੌਫ ਦੀ ਯਾਤਰਾ ’ਤੇ ਨਿਰਭਰ ਹੋ ਸਕਦਾ ਹੈ ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ’ਚ ਇਸ ਖੇਤਰ ’ਚ ਆਉਣ ਦੀ ਆਸ ਹੈ। ਹਮਾਸ ਤੇ ਮਿਸਰ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਅੱਜ ਇੱਕ ਬਿਆਨ ’ਚ ਅਤਿਵਾਦੀ ਸਮੂਹ ਨੇ ਕਿਹਾ ਕਿ ਗਾਜ਼ਾ ’ਚ ਅਜੇ ਵੀ ਰੱਖੇ ਗਏ ਦਰਜਨਾਂ ਬੰਦੀਆਂ ਦੀ ਰਿਹਾਈ ਯਕੀਨੀ ਬਣਾਉਣ ਲਈ ਇਜ਼ਰਾਈਲ ਲਈ ਇੱਕੋ-ਇੱਕ ਢੰਗ ਵਾਰਤਾ ਤੇ ਜੰਗਬੰਦੀ ਦੇ ਸਮਝੌਤੇ ਦਾ ਪਾਲਣ ਕਰਨਾ ਹੈ।