ਪ੍ਰਸ਼ਾਸਨ ਨੇ ਨਸ਼ਾ ਤਸਕਰ ਔਰਤ ਦਾ ਮਕਾਨ ਢਾਹਿਆ
ਪਟਿਆਲਾ-ਪ੍ਰਸ਼ਾਸਨ ਦੀ ਟੀਮ ਨੇ ਅੱਜ ਇੱਥੇ ਮਹਿਲਾ ਨਸ਼ਾ ਤਸਕਰ ਦਾ ਦੋ ਮੰਜ਼ਿਲਾ ਮਕਾਨ ਢਾਹ ਦਿੱਤਾ ਹੈ। ਨਸ਼ਾ ਤਸਕਰ ਰਿੰਕੀ ਨਾਮ ਦੀ ਔਰਤ ਦਾ ਮਕਾਨ ਇੱਥੇ ਥਾਣਾ ਕੋਤਵਾਲੀ ਅਧੀਨ ਪੈਂਦੇ ‘ਰੋੜੀ ਕੁੱਟ ਮੁਹੱਲੇ’ ਵਿੱਚ ਸੀ। ਇਸ ਮਹਿਲਾ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਨਸ਼ਾ ਤਸਕਰੀ ਦੇ 10 ਕੇਸ ਦਰਜ ਹਨ। ਪ੍ਰਸ਼ਾਸਨ ਅਨੁਸਾਰ ਉਸ ਨੇ ਇਹ ਮਕਾਨ ਨਾਜਾਇਜ਼ ਕਬਜ਼ਾ ਕਰ ਕੇ ਬਣਾਇਆ ਸੀ ਜਿਸ ਨੂੰ ਅੱਜ ਢਾਹ ਦਿੱਤਾ ਗਿਆ ਹੈ। ਇਸ ਕਾਰਵਾਈ ਦੌਰਾਨ ਇੱਥੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ। ਇਸ ਦੌਰਾਨ ਐੱਸਐੱਸਪੀ ਡਾ. ਨਾਨਕ ਸਿੰਘ ਵੀ ਉਚੇਚੇ ਤੌਰ ’ਤੇ ਮੌਜੂਦ ਰਹੇ।
ਐੱਸਐੱਸਪੀ ਨੇ ਕਿਹਾ ਕਿ ਰਿੰਕੀ ਨੇੇ ਇਹ ਮਕਾਨ ਨਸ਼ਾ ਤਸਕਰੀ ਰਾਹੀਂ ਕੀਤੀ ਕਮਾਈ ਨਾਲ ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰ ਕੇ ਉਸਾਰਿਆ ਸੀ। ਡਿਊਟੀ ਮੈਜਿਸਟਰੇਟ ਵਜੋਂ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਦੀ ਮੌਜੂਦਗੀ ’ਚ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੀ ਕਮਾਈ ਨਾਲ ਬਣਾਈਆਂ ਜਾਣ ਵਾਲੀਆਂ ਜਾਇਦਾਦਾਂ ਸਣੇ ਨਾਜਾਇਜ਼ ਕਬਜ਼ੇ ਕਰ ਕੇ ਉਸਾਰੇ ਮਕਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਰਿੰਕੀ ਖ਼ਿਲਾਫ਼ ਦਰਜ ਸਾਰੇ ਦੇ ਸਾਰੇ 10 ਕੇਸਾਂ ’ਚ ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਰਿੰਕੀ ਦੇ ਸਾਰੇ ਕੇਸਾਂ ਨੂੰ ਅਦਾਲਤਾਂ ਤੱਕ ਪੁੱਜਦਾ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਹ ਰੋੜੀ ਕੁੱਟ ਮੁਹੱਲਾ ਸਥਾਨਕ ਸ਼ਹਿਰ ਕੋਲ਼ੋਂ ਦੀ ਲੰਘਦੀ ਛੋਟੀ ਨਦੀ ਦੇ ਬੰਨ੍ਹ ਵਜੋਂ ਜਾਣੀ ਜਾਂਦੀ ਰਾਜਪੁਰਾ ਰੋਡ ਤੋਂ ਦੇਵੀਗੜ੍ਹ ਰੋਡ ਨੂੰ ਮਿਲਾਉਂਦੀ ਸੜਕ ਦੇ ਕੰਢੇ ਵੱਸਿਆ ਹੋਇਆ ਹੈ। ਇਸ ਮੁਹੱਲੇ ’ਚ ਰਹਿਣ ਵਾਲ਼ੇ ਬਹੁਤੇ ਪਰਿਵਾਰ ਪੁਰਾਣੀਆਂ ਇੱਟਾਂ ਦੀ ਰੋੜੀ ਬਣਾ ਕੇ ਵੇਚਦੇ ਹਨ। ਇੱਥੇ ਲੋਕਾਂ ਨੇ ਸ਼ੁਰੂ ’ਚ ਝੁੱਗੀਆਂ ਹੀ ਬਣਾਈਆਂ ਸਨ। ਇਨ੍ਹਾਂ ’ਚੋਂ ਬਹੁਤੀਆਂ ਹੁਣ ਪੱਕੇ ਜਾਂ ਟੀਨ ਦੇ ਮਕਾਨਾਂ ’ਚ ਤਬਦੀਲ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ ਬਹੁਤੇ ਮਕਾਨਾਂ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਵੀ ਲਗਦੇ ਹਨ। ਇਸ ਖੇਤਰ ਦੇ ਕਈ ਵਸਨੀਕਾਂ ’ਤੇ ਨਸ਼ਾ ਤਸਕਰੀ ਦੇ ਕੇਸ ਦਰਜ ਹਨ।