ਭਾਰਤੀ ਮੁੱਕੇਬਾਜ਼ੀ ਸੰਘ ਦੀਆਂ ਚੋਣਾਂ ਲੜਨ ਲਈ ਤਿਆਰ: ਵਿਜੇਂਦਰ
ਨਵੀਂ ਦਿੱਲੀ-ਓਲੰਪਿਕ ਤਗ਼ਮਾ ਜੇਤੂ ਭਾਰਤ ਦੇ ਪਹਿਲੇ ਇਕਲੌਤੇ ਪੁਰਸ਼ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਭਾਰਤੀ ਮੁੱਕੇਬਾਜ਼ੀ ਸੰਘ (ਬੀਐੱਫਆਈ) ਦੀਆਂ ਚੋਣਾਂ ਨਵੇਂ ਸਿਰੇ ਤੋਂ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਚੋਣਾਂ ਲੜਨ ਤੋਂ ਸੰਕੋਚ ਨਹੀਂ ਕਰੇਗਾ।
ਪੇਈਚਿੰਗ ਓਲੰਪਿਕ 2008 ਵਿੱਚ ਕਾਂਸੀ ਦਾ ਤਗ਼ਮਾ ਜੇਤੂ 39 ਸਾਲਾ ਵਿਜੇਂਦਰ ਇਸ ਸਮੇਂ ਪੇਸ਼ੇਵਰ ਸਰਕਟ ਵਿੱਚ ਖੇਡ ਰਿਹਾ ਹੈ। ਹਾਲਾਂਕਿ, ਉਸਨੇ 2022 ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ। ਵਿਜੇਂਦਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਜਦੋਂ ਵੀ ਚੋਣਾਂ ਹੋਈਆਂ, ਮੈਂ ਉਨ੍ਹਾਂ ਵਿੱਚ ਖੜ੍ਹਾ ਹੋਣਾ ਚਾਹਾਂਗਾ। ਮੈਂ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਹੈ, ਇਹ ਮੇਰੇ ਲਈ ਇੱਕ ਹੋਰ ਲੜਾਈ ਹੋਵੇਗੀ। ਮੈਨੂੰ ਨਹੀਂ ਪਤਾ ਕਿ ਮੈਨੂੰ ਸਮਰਥਨ ਮਿਲੇਗਾ ਜਾਂ ਨਹੀਂ ਪਰ ਮੈਂ ਚੋਣਾਂ ਲੜਨ ਤੋਂ ਨਹੀਂ ਡਰਦਾ।’’ ਉਨ੍ਹਾਂ ਕਿਹਾ, ‘‘ਜੇਕਰ ਮੈਨੂੰ ਬਦਲਾਅ ਲਿਆਉਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਪਰ ਇਸਦਾ ਇਹ ਮਤਲਬ ਨਹੀਂ ਕਿ ਮੈਂ ਖਿਡਾਰੀ ਵਜੋਂ ਸੰਨਿਆਸ ਲੈਣ ਜਾ ਰਿਹਾ ਹਾਂ। ਮੈਂ ਇਹ ਕਦੇ ਨਹੀਂ ਕਰਾਂਗਾ।
ਇਸ ਤੋਂ ਪਹਿਲਾਂ ਸਟਾਰ ਮੁੱਕੇਬਾਜ਼ ਨੇ ‘ਐਕਸ’ ’ਤੇ ਕਿਹਾ ਕਿ ਭਾਰਤੀ ਮੁੱਕੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਇਹ ਜ਼ਰੂਰੀ ਹੈ ਕਿ ਉਹ ਵਿਦੇਸ਼ਾਂ ਵਿੱਚ ਅਭਿਆਸ ਕਰਨ।’’ ਵਿਜੇਂਦਰ ਨੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੂੰ ਟੈਗ ਕਰਦਿਆਂ ਲਿਖਿਆ, ‘‘ਇਸੇ ਲਈ ਸਾਨੂੰ ਇੱਕ ਮਜ਼ਬੂਤ ਫੈਡਰੇਸ਼ਨ ਬਣਾਉਣ ਲਈ ਛੇਤੀ ਤੋਂ ਛੇਤੀ ਨਵੇਂ ਸਿਰੇ ਤੋਂ ਅਤੇ ਨਿਰਪੱਖ ਚੋਣਾਂ ਕਰਵਾਉਣ ਦੀ ਲੋੜ ਹੈ। ਜੇਕਰ ਸਰਕਾਰ ਸਾਨੂੰ ਕੋਈ ਜ਼ਿੰਮੇਵਾਰੀ ਦਿੰਦੀ ਹੈ ਤਾਂ ਮੈਨੂੰ ਆਪਣੇ ਅਨੁਭਵ ਦਾ ਯੋਗਦਾਨ ਪਾਉਣ ਵਿੱਚ ਖੁਸ਼ੀ ਹੋਵੇਗੀ।’’
ਵਿਜੇਂਦਰ ਦੀ ਇਹ ਟਿੱਪਣੀ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਬੀਐੱਫਆਈ ਚੋਣਾਂ ਵਿੱਚ ਦੇਰੀ ਦਾ ਹਵਾਲਾ ਦਿੰਦਿਆਂ ਫੈਡਰੇਸ਼ਨ ਦਾ ਕੰਮਕਾਜ ਇੱਕ ਐਡਹਾਕ ਕਮੇਟੀ ਨੂੰ ਸੌਂਪਣ ਤੋਂ ਕੁਝ ਦਿਨ ਬਾਅਦ ਆਈ ਹੈ। ਅਜੈ ਸਿੰਘ ਦੀ ਅਗਵਾਈ ਵਾਲੀ ਬੀਐੱਫਆਈ ਨੇ ਇਸ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਆਈਓਏ ਦੇ ਹੁਕਮ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਬੀਐੱਫਆਈ ਅਹੁਦੇਦਾਰਾਂ ਦਾ ਕਾਰਜਕਾਲ 3 ਫਰਵਰੀ ਨੂੰ ਖਤਮ ਹੋ ਗਿਆ ਸੀ।