ਅਫਰੀਕਾ ਪ੍ਰਤੀ ਭਾਰਤ ਦਾ ਨਜ਼ਰੀਆ ਦੁਵੱਲੇ ਲਾਭ ’ਤੇ ਆਧਾਰਿਤ: ਜੈਸ਼ੰਕਰ
ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਫਰੀਕਾ ਮਹਾਂਦੀਪ ’ਚ ਆਪਣਾ ਪ੍ਰਭਾਵ ਵਧਾਉਣ ਦੀਆਂ ਚੀਨ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚਾਲੇ ਅੱਜ ਕਿਹਾ ਕਿ ਅਫਰੀਕਾ ਪ੍ਰਤੀ ਭਾਰਤ ਦਾ ਨਜ਼ਰੀਆ ਦੁਵੱਲੇ ਲਾਭ ’ਤੇ ਆਧਾਰਿਤ ਭਾਈਵਾਲੀ ਬਣਾਉਣ ਦੀ ਡੂੰਘੀ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਜਪਾਨ ਆਪਣੀਆਂ ਪੂਰਕ ਸ਼ਕਤੀਆਂ ਨਾਲ ਅਫਰੀਕਾ ਦੇ ਵਿਕਾਸ ਨੂੰ ਸਥਿਰ ਤੇ ਇਕਸਾਰ ਢੰਗ ਨਾਲ ਹਮਾਇਤ ਦੇਣ ਦੀ ਸਥਿਤੀ ਵਿੱਚ ਹਨ।
ਵਿਦੇਸ਼ ਮੰਤਰੀ ਨੇ ‘ਜਪਾਨ-ਭਾਰਤ-ਅਫਰੀਕਾ ਵਪਾਰ ਮੰਚ’ ’ਤੇ ਆਪਣੇ ਸੰਬੋਧਨ ਦੌਰਾਨ ਕਿਹਾ, ‘ਅਫਰੀਕਾ ਪ੍ਰਤੀ ਭਾਰਤ ਦਾ ਨਜ਼ਰੀਆ ਹਮੇਸ਼ਾ ਲੰਮੇ ਸਮੇਂ ਲਈ ਦੁਵੱਲੇ ਲਾਭ ’ਤੇ ਆਧਾਰਿਤ ਭਾਈਵਾਲੀ ਬਣਾਉਣ ਦੀ ਡੂੰਘੀ ਪ੍ਰਤੀਬੱਧਤਾ ਤੋਂ ਪ੍ਰੇਰਿਤ ਰਿਹਾ ਹੈ।’ ਉਨ੍ਹਾਂ ਕਿਹਾ, ‘ਭਾਰਤ ਸਮਰੱਥਾ ਨਿਰਮਾਣ, ਹੁਨਰ ਵਿਕਾਸ ਤੇ ਤਕਨੀਕੀ ਲੈਣ-ਦੇਣ ’ਚ ਯਕੀਨ ਰੱਖਦਾ ਹੈ ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਅਫਰੀਕੀ ਦੇਸ਼ ਨਾ ਸਿਰਫ਼ ਨਿਵੇਸ਼ ਨਾਲ ਲਾਹੇਵੰਦ ਹੋਣ ਬਲਕਿ ਵਿਕਾਸ ਲਈ ਆਤਮਨਿਰਭਰ ਤੰਤਰ ਵੀ ਵਿਕਸਿਤ ਕਰਨ।’ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਫਰੀਕਾ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਉਨ੍ਹਾਂ ਵਿਚਾਲੇ ਦੁਵੱਲਾ ਵਪਾਰ ਤਕਰੀਬਨ ਸੌ ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ ਤੇ ਇਹ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਅਫਰੀਕਾ ’ਚ ਸੰਪਰਕ ਸਹੂਲਤ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਅਹਿਮ ਪ੍ਰਤੀਬੱਧਤਾ ਜ਼ਾਹਿਰ ਕੀਤੀ ਹੈ ਜਿਸ ਤਹਿਤ ਭਾਰਤ ਨੇ 12 ਅਰਬ ਡਾਲਰ ਤੋਂ ਵੱਧ ਦਾ ਰਿਆਇਤੀ ਕਰਜ਼ਾ ਦਿੱਤਾ ਹੈ ਅਤੇ ਰੇਲਵੇ, ਬਿਜਲੀ ਉਤਪਾਦਨ, ਖੇਤੀ ਤੇ ਜਲ ਸਪਲਾਈ ਜਿਹੇ ਖੇਤਰਾਂ ’ਚ ਪੂਰੇ ਮਹਾਂਦੀਪ ਵਿੱਚ 200 ਤੋਂ ਵੱਧ ਪ੍ਰਾਜੈਕਟ ਪੂਰੇ ਕੀਤੇ ਹਨ।
ਜੈਸ਼ੰਕਰ ਨੇ ਕਿਹਾ ਕਿ ਬਿਜਲੀ ਪਲਾਂਟ, ਟਰਾਂਸਮਿਸ਼ਨ ਲਾਈਨਾਂ, ਸੀਮਿੰਟ, ਚੀਨੀ ਤੇ ਕੱਪੜਾ ਫੈਕਟਰੀਆਂ, ਤਕਨੀਕੀ ਪਾਰਕਾਂ ਤੇ ਰੇਲਵੇ ਦੇ ਬੁਨਿਆਦੀ ਢਾਂਚੇ ਸਮੇਤ ਭਾਰਤ ਦੇ ਵਿਕਾਸ ਪ੍ਰਾਜੈਕਟਾਂ ਨੇ ਸਥਾਨਕ ਰੁਜ਼ਗਾਰ ਪੈਦਾ ਕੀਤੇ ਹਨ ਅਤੇ ਅਫਰੀਕਾ ’ਚ ਜ਼ਿੰਦਗੀ ਬਦਲ ਦਿੱਤੀ ਹੈ।