ਮਹਾਸ਼ਿਵਰਾਤਰੀ ਦੇ ਪਵਿੱਤਰ ਇਸ਼ਨਾਨ ਨਾਲ ਮਹਾਂਕੁੰਭ ਸੰਪੂਰਨ
ਪ੍ਰਯਾਗਰਾਜ-ਪ੍ਰਯਾਗਰਾਜ ’ਚ ਪਿਛਲੇ 45 ਦਿਨਾਂ ਤੋਂ ਚੱਲ ਰਿਹਾ ਵਿਸ਼ਵ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ‘ਮਹਾਂਕੁੰਭ-2025’ ਅੱਜ ਮਹਾਂਸ਼ਿਵਰਾਤਰੀ ਮੌਕੇ ਆਖਰੀ ਪਵਿੱਤਰ ਇਸ਼ਨਾਨ ਨਾਲ ਸੰਪੂਰਨ ਹੋ ਗਿਆ ਹੈ। 13 ਜਨਵਰੀ ਤੋਂ ਸ਼ੁਰੂ ਹੋਏ ਇਸ ਮੇਲੇ ’ਚ ਦੇਸ਼-ਵਿਦੇਸ਼ ਤੋਂ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕੀਤਾ।
ਮੇਲਾ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਸ਼ਾਮ ਛੇ ਵਜੇ ਤੱਕ 1.44 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਸੰਗਮ ’ਚ ਇਸ਼ਨਾਨ ਕੀਤਾ ਅਤੇ 13 ਜਨਵਰੀ ਤੋਂ ਹੁਣ ਤੱਕ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 66.21 ਕਰੋੜ ਪਹੁੰਚ ਗਈ ਹੈ। ਸ਼ਰਧਾਲੂਆਂ ਦੀ ਇਹ ਗਿਣਤੀ ਚੀਨ ਤੇ ਭਾਰਤ ਨੂੰ ਛੱਡ ਕੇ ਅਮਰੀਕਾ, ਰੂਸ ਤੇ ਯੂਰਪੀ ਮੁਲਕਾਂ ਸਮੇਤ ਸਾਰੇ ਦੇਸ਼ਾਂ ਦੀ ਅਬਾਦੀ ਤੋਂ ਵੱਧ ਹੈ। ਨਾਲ ਹੀ ਇਹ ਗਿਣਤੀ ਮੱਕਾ ਤੇ ਵੈਟੀਕਨ ਸਿਟੀ ਜਾਣ ਵਾਲੇ ਸ਼ਰਧਾਲੂਆਂ ਤੋਂ ਵੀ ਵੱਧ ਹੈ। ਮਹਾਂਕੁੰਭ ਆਪਣੀ ਸਵੱਛਤਾ ਨੂੰ ਲੈ ਕੇ ਵੀ ਚਰਚਾ ’ਚ ਰਿਹਾ ਜਿਸ ਵਿੱਚ ਸਫਾਈ ਕਰਮੀਆਂ ਦੀ ਅਹਿਮ ਭੂਮਿਕਾ ਰਹੀ। ਮਹਾਂਕੁੰਭ ਮੇਲੇ ’ਚ ਸਵੱਛਤਾ ਇੰਚਾਰਜ ਡਾ. ਆਨੰਦ ਸਿੰਘ ਨੇ ਦੱਸਿਆ ਕਿ ਪੂਰੇ ਮੇਲੇ ’ਚ 15 ਹਜ਼ਾਰ ਸਫਾਈ ਕਰਮੀ ਚੌਵੀ ਘੰਟੇ ਡਿਊਟੀ ’ਤੇ ਤਾਇਨਾਤ ਰਹੇ। ਉਨ੍ਹਾਂ ਸਾਰਿਆਂ ਵੱਲੋਂ ਨਿਭਾਈ ਡਿਊਟੀ ਦੀ ਸ਼ਲਾਘਾ ਕੀਤੀ।
ਮੌਨੀ ਮੱਸਿਆ ਮੌਕੇ ਮਚੀ ਭਗਦੜ ਦੀ ਘਟਨਾ ਕਾਰਨ ਮਹਾਂਕੁੰਭ ਮੇਲੇ ਦਾ ਅਕਸ ਥੋੜ੍ਹਾ ਖਰਾਬ ਹੋਇਆ ਪਰ ਸ਼ਰਧਾਲੂਆਂ ਦੀ ਆਸਥਾ ’ਤੇ ਇਸ ਘਟਨਾ ਦਾ ਕੋਈ ਖਾਸ ਅਸਰ ਨਹੀਂ ਪਿਆ ਤੇ ਲੋਕਾਂ ਦੀ ਆਮਦ ਲਗਾਤਾਰ ਜਾਰੀ ਰਹੀ। ਇਸ ਭਗਦੜ ’ਚ 30 ਜਣਿਆਂ ਦੀ ਮੌਤ ਹੋ ਗਈ ਸੀ। ਮਹਾਂਕੁੰਭ ਮੇਲੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਰਾਜਾਂ ਦੇ ਮੁੱਖ ਮੰਤਰੀਆਂ, ਫਿਲਮੀ ਸਿਤਾਰਿਆਂ ਤੇ ਖੇਡ ਜਗਤ, ਉਦਯੋਗ ਜਗਤ ਦੀਆਂ ਹਸਤੀਆਂ ਨੇ ਸੰਗਮ ’ਚ ਇਸ਼ਨਾਨ ਕੀਤਾ। ਮੇਲੇ ਦੌਰਾਨ ਸੁਰੱਖਿਆ ਲਈ ਏਆਈ ਨਾਲ ਲੈਸ ਕੈਮਰਿਆਂ ਤੇ ਐਂਟੀ ਡਰੋਨ ਜਿਹੀਆਂ ਕਈ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ। ਇਹ ਮੇਲਾ ਕਈ ਵਿਵਾਦਾਂ ਨੂੰ ਲੈ ਕੇ ਵੀ ਚਰਚਾ ’ਚ ਰਿਹਾ ਜਿਵੇਂ ਫਿਲਮ ਅਦਾਕਾਰ ਮਮਤਾ ਕੁਲਕਰਨੀ ਦਾ ਮਹਾਂਮੰਡਲੇਸ਼ਵਰ ਬਣਨਾ ਤੇ ਉਨ੍ਹਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਣਾ। ਪਰਮਾਰਥ ਨਿਕੇਤਨ ਆਸ਼ਰਮ, ਰਿਸ਼ੀਕੇਸ਼ ਦੇ ਮੁਖੀ ਚਿਦਾਨੰਦ ਸਰਸਵਤੀ ਨੇ ਕਿਹਾ, ‘ਮੇਰੇ ਲਈ ਮਹਾਂਕੁੰਭ ਉਦੋਂ ਸੰਪੂਰਨ ਹੋਵੇਗਾ ਜਦੋਂ ਆਖਰੀ ਸ਼ਰਧਾਲੂ ਸੰਗਮ ’ਚ ਇਸ਼ਨਾਨ ਕਰ ਲਵੇਗਾ। ਤੁਸੀਂ ਕਹਿ ਸਕਦੇ ਹੋ ਕਿ ਭਲਕੇ ਬ੍ਰਹਮ ਮਹੂਰਤ ਸ਼ੁਰੂ ਹੋਣ ਨਾਲ ਮੇਲਾ ਸੰਪੂਰਨ ਹੋਵੇਗਾ।’ ਇਸ ਤੋਂ ਪਹਿਲਾਂ ਮੇਲੇ ’ਚ 13 ਅਖਾੜਿਆਂ ਨੇ ਤਿੰਨ ਪ੍ਰਮੁੱਖ ਮੌਕਿਆਂ ਮਾਘੀ ਦੀ ਸੰਗਰਾਂਦ, ਮੌਨੀ ਮੱਸਿਆ ਤੇ ਬਸੰਤ ਪੰਚਮੀ ਮੌਕੇ ਅੰਮ੍ਰਿਤ ਇਸ਼ਨਾਨ ਕੀਤਾ ਸੀ।