National

ਸੰਤਾਂ ਨੇ ਮਹਿਲਾਵਾਂ ਨੂੰ ਸਮਾਜ ’ਚ ਸਨਮਾਨਯੋਗ ਸਥਾਨ ਦਿੱਤਾ: ਮੁਰਮੂ

ਛਤਰਪੁਰ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ’ਚ ਸੰਤਾਂ ਨੇ ਸਮਾਜ ਵਿੱਚ ਮਹਿਲਾਵਾਂ ਲਈ ਸਨਮਾਨਯੋਗ ਸਥਾਨ ਯਕੀਨੀ ਬਣਾਇਆ ਹੈ ਅਤੇ ਦੇਸ਼ ਅੱਜ ‘ਮਹਿਲਾਵਾਂ ਦੇ ਵਿਕਾਸ ਤੋਂ ਮਹਿਲਾਵਾਂ ਦੀ ਅਗਵਾਈ ਹੇਠ ਵਿਕਾਸ’ ਵੱਲ ਵੱਧ ਰਿਹਾ ਹੈ।

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਬਾਗੇਸ਼ਵਰ ਧਾਮ ’ਚ ਇੱਕ ਸਮੂਹਿਕ ਵਿਆਹ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ, ‘ਸਮਕਾਲੀ ਸੰਤ ਆਤਮ ਨਿਰਭਰ, ਸਦਭਾਵਨਾ ਵਾਲੇ ਤੇ ਵਾਤਾਵਰਨ ਹਮਾਇਤੀ ਭਾਰਤ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।’ ਇਸ ਸਮੂਹਿਕ ਵਿਆਹ ਸਮਾਗਮ ’ਚ 251 ਜੋੜਿਆਂ ਦੇ ਵਿਆਹ ਕਰਵਾਏ ਗਏ। ਮੁਰਮੂ ਨੇ ਕਿਹਾ, ‘ਸੰਤ ਭਾਈਚਾਰੇ ਨੇ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਉਠਾ ਕੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸਮਾਜ ’ਚ ਮਹਿਲਾਵਾਂ ਲਈ ਸਨਮਾਨਯੋਗ ਸਥਾਨ ਯਕੀਨੀ ਬਣਾਇਆ ਹੈ।’ ਮੁਰਮੂ ਨੇ ਕਿਹਾ, ‘ਅੱਜ ਜਦੋਂ ਸਾਡਾ ਦੇਸ਼ ਮਹਿਲਾ ਵਿਕਾਸ ਤੋਂ ਮਹਿਲਾ ਦੀ ਅਗਵਾਈ ਹੇਠ ਵਿਕਾਸ ਵੱਲ ਵੱਧ ਰਿਹਾ ਹੈ ਤਾਂ ਸਾਨੂੰ ਆਪਣੀਆਂ ਧੀਆਂ ਤੇ ਭੈਣਾਂ ਨੂੰ ਮਜ਼ਬੂਤ ਤੇ ਸਮਰੱਥ ਬਣਾਉਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ।’ ਉਨ੍ਹਾਂ ਲੋਕਾਂ ਨੂੰ ਮਹਿਲਾਵਾਂ ਦੀ ਸਿੱਖਿਆ, ਸਿਹਤ ਤੇ ਸੁਰੱਖਿਆ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ, ‘ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਭੈਣਾਂ ਤੇ ਧੀਆਂ ਨੂੰ ਸਮਰੱਥ ਬਣਾਉਣਗੀਆਂ।’ ਉਨ੍ਹਾਂ ਮਹਿਲਾਵਾਂ ਨੂੰ ਉਨ੍ਹਾਂ ਦੀ ਸਿੱਖਿਆ ਤੇ ਆਤਮ ਨਿਰਭਰਤਾ ਲਈ ਲਗਾਤਾਰ ਕੋਸ਼ਿਸ਼ਾਂ ਕਰਨ ਦੀ ਸਲਾਹ ਦਿੱਤੀ। ਮੁਰਮੂ ਨੇ ਕਿਹਾ ਕਿ ਭਾਰਤੀ ਪਰੰਪਰਾ ’ਚ ਸੰਤਾਂ ਨੇ ਸਦੀਆਂ ਤੋਂ ਆਪਣੇ ਕਰਮ ਤੇ ਬਾਣੀ ਰਾਹੀਂ ਮਨੁੱਖਤਾ ਨੂੰ ਰਾਹ ਦਿਖਾਇਆ ਹੈ ਅਤੇ ਉਨ੍ਹਾਂ ਸਮਾਜ ’ਚ ਫੈਲੇ ਅੰਧ ਵਿਸ਼ਵਾਸਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਛੂਆ-ਛੂਤ ਅਤੇ ਉੱਚੇ-ਨੀਵੇਂ ਦੇ ਭੇਦਭਾਵ ਨੂੰ ਦੂਰ ਕਰਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ, ਸੰਤ ਰਵਿਦਾਸ, ਸੰਤ ਕਬੀਰ ਦਾਸ, ਮੀਰਾ ਬਾਈ ਤੇ ਸੰਤ ਤੁਕਾਰਾਮ ਸਾਰਿਆਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਲੋਕਾਂ ਨੂੰ ਸਹੀ ਰਾਹ ’ਤੇ ਚੱਲਣ ਲਈ ਪ੍ਰੇਰਿਆ ਹੈ। ਸਮੂਹਿਕ ਵਿਆਹ ਸਮਾਗਮ ਕਰਾਉਣ ਲਈ ਬਾਗੇਸ਼ਵਰ ਧਾਮ ਦੀ ਸ਼ਲਾਘਾ ਕਰਦਿਆਂ ਮੁਰਮੂ ਨੇ ਕਿਹਾ ਕਿ ਇਨ੍ਹਾਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਮਸ਼ੀਨ ਤੇ ਹੋਰ ਜ਼ਰੂਰੀ ਸਾਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੱੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਹਾਜ਼ਰ ਸਨ।