*3 ਸਤੰਬਰ ਨੂੰ ਹੋਵੇਗੀ ਜ਼ਿਲ੍ਹਾ ਜਲੰਧਰ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ*

ਜਲੰਧਰ 30 ਅਗਸਤ ( ਚਰਨਜੀਤ ਸਿੰਘ )- ਵਿਦਿਆਰਥੀਆਂ ਦੀ ਵਿੱਦਿਅਕ ਅਤੇ ਸਹਿ ਵਿੱਦਿਅਕ ਕਾਰਗੁਜਾਰੀ ਨੂੰ ਮਾਤਾ-ਪਿਤਾ, ਸਰਪ੍ਰਸਤ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਸਾਂਝਾ ਕਰਨ, ਉਹਨਾਂ ਨਾਲ ਵਿਚਾਰ ਚਰਚਾ ਕਰਨ ਅਤੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਵਧਾਉਣ ਦੇ ਮਕਸਦ ਨਾਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਗੁਰਸ਼ਰਨ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਰਾਜੀਵ ਜੋਸ਼ੀ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਗੁਰਚਰਨ ਸਿੰਘ ਮੁਲਤਾਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਰਾਜ ਦੇ ਸਾਰੇ, ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ 3 ਸਤੰਬਰ ਸ਼ਨੀਵਾਰ ਨੂੰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਰਾਜੀਵ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਸਕੂਲ ਵਿੱਚ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਰਹੇਗਾ ਅਤੇ ਵਿਦਿਆਰਥੀ ਆਪਣੇ ਮਾਤਾ-ਪਿਤਾ/ਸਰਪ੍ਰਸਤ ਨਾਲ ਇਸ ਮਿਲਣੀ ਵਿੱਚ ਹਾਜ਼ਰ ਹੋਣਗੇ।

ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਸਕੂਲਾਂ ਨੂੰ ਇਸ ਸਬੰਧੀ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸੂਚਿਤ ਕਰਨ, ਪਿੰਡ ਦੇ ਸਰਵਜਨਿਕ ਸਥਾਨ ਤੋਂ ਅਨਾਊਂਸਮੈਂਟ ਕਰਨ, ਵਿਦਿਆਰਥੀਆਂ ਦੇ ਮਾਪਿਆਂ ਨੂੰ ਸੂਚਨਾ ਭੇਜਣ ਲਈ ਬਣਾਏ ਗਏ ਸ਼ੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸੂਚਿਤ ਕਰਨ ਅਤੇ ਮਾਤਾ-ਪਿਤਾ/ਸਰਪ੍ਰਸਤ ਸਹਿਬਾਨ ਨੂੰ ਸੱਦਾ ਪੱਤਰ ਭੇਜਣ ਲਈ ਵਚਨਬੱਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੋੜ ਪੈਣ ਤੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਵੀ ਸਹਾਇਤਾ ਲਈ ਜਾ ਸਕਦੀ ਹੈ। ਇਸ ਮੀਟਿੰਗ ਦੌਰਾਨ ਮਾਤਾ-ਪਿਤਾ ਸਹਿਬਾਨ ਦੇ ਸਵਾਗਤ ਉਪਰੰਤ ਉਹਨਾਂ ਨੂੰ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਲਈ ਵਰਤੇ ਜਾਣ ਵਾਲੇ ਸਪਲੀਮੈਂਟਰੀ ਮੈਟੀਰੀਅਲ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਇਸ ਉਪਰੰਤ ਵਿਦਿਆਰਥੀਆਂ ਦੇ ਮਾਤਾ-ਪਿਤਾ/ਸਰਪ੍ਰਸਤ ਸਹਿਬਾਨ ਲਈ ਵੀ ਸਕੂਲਾਂ ਵਿੱਚ ਮਨੋਰੰਜਕ ਖੇਡਾਂ ਦਾ ਵਿਸ਼ੇਸ਼ ਆਯੋਜਨ ਕਰਨ ਅਤੇ ਪੌਦੇ ਲਗਾਉਣ ਆਦਿ ਦੀਆਂ ਗਤੀਵਿਧੀਆਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਨੇ ਸਮੂਹ ਅਧਿਆਪਕ ਸਹਿਬਾਨ ਨੂੰ ਇਸ ਮਾਪੇ ਅਧਿਆਪਕ ਮਿਲਣੀ ਨੂੰ ਹਰੇਕ ਪੱਖ ਤੋਂ ਬਿਹਤਰੀਨ ਅਤੇ ਯਾਦਗਾਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ । ਉਹਨਾਂ ਕਿਹਾ ਕਿ ਹਰੇਕ ਵਿਦਿਆਰਥੀ ਵਿੱਚ ਕੁਝ ਖਾਸ ਹੁੰਦਾ ਹੈ ਇਸ ਖਾਸੀਅਤ ਨੂੰ ਮਾਪੇ ਅਧਿਆਪਕ ਮਿਲ ਕੇ ਬਾਹਰ ਲਿਆ ਸਕਦੇ ਹਨ। ਵਿਦਿਆਰਥੀਆਂ ਦੇ ਮਾਤਾ ਪਿਤਾ ਇਸ ਮਾਪੇ ਅਧਿਆਪਕ ਮਿਲਣੀ ਨਾਲ ਆਪਣੇ ਬੱਚੇ ਨੂੰ ਹਰੇਕ ਪਹਿਲੂ ਤੋਂ ਸਮਝ ਸਕਣਗੇ। ਉਹਨਾਂ ਅਧਿਆਪਕ ਸਹਿਬਾਨ ਨੂੰ ਵਿਦਿਆਰਥੀਆਂ ਲਈ ਸਕਾਰਾਤਮਕ ਟਿੱਪਣੀਆਂ ਦੇਣ ਲਈ ਵੀ ਕਿਹਾ। ਉਹਨਾਂ ਕਿਹਾ ਕਿ ਕਮਿਊਨਿਟੀ ਦੀ ਸ਼ਮੂਲੀਅਤ ਨਾਲ ਕੀਤੀ ਜਾਣ ਵਾਲੀ ਮਾਪੇ-ਅਧਿਆਪਕ ਮਿਲਣੀ ਸੱਚਮੁੱਚ ਵਿਦਿਆਰਥੀਆਂ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ ।